Sunday, August 21, 2011

ਟੀਸੀ ਵਾਲੇ ਬੇਰ 'ਤੇ ਟਿਕੀ ਨਜ਼ਰ : ਵਾਇਸ ਆਫ਼ ਪੰਜਾਬ ਪਰਦੀਪ ਸਰਾਂ

ਪੀ.ਟੀ. ਸੀ ਚੈਨਲ ਵੱਲੋਂ ਕਰਵਾਏ ਗਏ ਵਾਇਸ ਆਫ਼ ਪੰਜਾਬ ਸੀਜ਼ਨ -2 ਵਿਚੋਂ ਬਾਜੀ ਮਾਰਨ ਵਾਲਾ 'ਬਠਿੰਡੇ ਵਾਲਾ ਗੱਭਰੂ' ਪਰਦੀਪ ਸਰਾਂ ਇਕ ਮਾਣਮੱਤਾ ਤੇ ਪ੍ਰਤਿਭਾਵਾਨ ਗਾਇਕ ਤਾਂ ਹੈ ਈ, ਸਗੋਂ ਹੋਰ ਵੀ ਕਈ ਖੇਤਰਾਂ ਵਿਚ ਉਹਦੀਆਂ ਪ੍ਰਾਪਤੀਆਂ ਮਾਣ ਕਰਨਯੋਗ ਹਨ ਅਬੋਹਰ-ਫਾਜ਼ਿਲਕਾ ਇਲਾਕੇ ਦੇ ਪਿੰਡ ਆਲਮਵਾਲਾ ਵਿਖੇ ਪਰਕਾਸ਼ ਸਰਾਂ ਤੇ ਅੰਮ੍ਰਿਤਾ ਸਰਾਂ ਦੇ ਘਰ ਪੈਦਾ ਹੋਇਆ ਪਰਦੀਪ ਅਜੇ ਬਹੁਤ ਛੋਟਾ ਹੀ ਸੀ ਜਦੋਂ ਉਹਦੇ ਮਾਂ-ਬਾਪ ਬਠਿੰਡੇ ਆਕੇ ਵੱਸ ਗਏ ਉਹਦੇ ਪਿਤਾ ਪਰਕਾਸ਼ ਸਰਾਂ ਖੁਦ ਇਕ ਵਧੀਆ ਗਾਇਕ ਹਨ ਤੇ ਮਾਂ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਬਠਿੰਡਾ ਵਿਖੇ ਪੰਜਾਬੀ ਅਧਿਆਪਕਾ ਹੈ ਇਸੇ ਸੰਸਥਾ 'ਚ ਹੀ ਪਰਦੀਪ ਬੀ.ਸੀ. ਏ ਦੇ ਆਖ਼ਰੀ ਵਰ੍ਹੇ ਦਾ ਵਿਦਿਆਰਥੀ ਹੈ ਪਿਤਾ ਦੀ ਗਾਇਕੀ ਦਾ ਅਸਰ ਉਹਨੇ ਬਚਪਨ ਵਿਚ ਹੀ ਕਬੂਲਣਾ ਸ਼ੁਰੂ ਕਰ ਦਿੱਤਾ ਤੇ ਸੁਰਤ ਸੰਭਾਲਦਿਆਂ ਹੀ ਉਹ ਗਾਉਣ ਲੱਗ ਪਿਆ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਤੇ ਗੁਰਦਾਸ ਮਾਨ ਦੀ ਗਾਇਕੀ ਨੇ ਉਹਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ ਗੁਰਦਾਸ ਮਾਨ ਉਹ ਆਪਣਾ ਆਦਰਸ਼ ਵੀ ਮੰਨਦੈ ਤੇ ਗੁਰੂ ਵੀ ਉਹਦਾ ਕਹਿਣਾ ਹੈ ਕਿ ਗੁਰਦਾਸ ਮਾਨ ਦਾ 'ਕੱਲਾ-'ਕੱਲਾ ਗੀਤ ਉਹਨੂੰ ਯਾਦ ਹੈ ਪਰਦੀਪ ਭਾਵੇਂ ਹਰ ਤਰ੍ਹਾਂ ਦੇ ਗੀਤ ਪ੍ਰਬੀਨਤਾ ਨਾਲ ਗਾਉਂਦੈ ਪਰ ਉਹਦਾ ਜ਼ਿਆਦਾ ਝੁਕਾਅ ਕਲੀਆਂ, ਲੋਕ ਗਾਥਾਵਾਂ ਤੇ ਲੋਕ ਤੱਥਾਂ ਵੱਲ ਹੈ ਹਿੱਕ ਦੇ ਜ਼ੋਰ ਵਾਲੀ ਇਹ ਗਾਇਣ-ਸ਼ੈਲੀ ਉਹਦੀ ਦਿੱਕ ਨੂੰ ਫੱਬਦੀ ਵੀ ਬਹੁਤ ਹੈ ਸੰਗੀਤ ਵਿਚ ਬਹੁਤਾ ਕੁੱਝ ਉਹਨੇ ਆਪਣੇ ਪਿਤਾ ਪਰਕਾਸ਼ ਸਰਾਂ ਤੋਂ ਹੀ ਸਿੱਖਿਆ ਹੈ ਅਤੇ ਅਤੇ ਲਾਲੂ ਜੀ ਤੇ ਅਸ਼ੋਕਾ ਨੰਦ ਹੁਰਾਂ ਤੋਂ ਵੀ ਸਮੇਂ ਸਮੇਂ ਅਗਵਾਈ ਲੈਂਦਾ ਰਿਹਾ ਹੈਵਾਇਸ ਆਫ ਪੰਜਾਬ ਬਣਨ ਦੇ ਸਫਰ ਦਾ ਜ਼ਿਕਰ ਕਰਦਿਆਂ ਪਰਦੀਪ ਦੱਸਦਾ ਹੈ ਕਿ ਉਹਨੇ ਪਿਛਲੇ ਵਰ੍ਹੇ ਵੀ ਇਸ ਮੁਕਾਬਲੇ ਵਿਚ ਭਾਗ ਲਿਆ ਸੀ ਤੇ ਟਾਪ ਸਿਕਸ ਤੱਕ ਜਾ ਅੱਪੜਿਆ ਸੀ ਪਰ ਵਾਇਸ ਆਫ਼ ਪੰਜਾਬ ਬਣਨੋ ਖੁੰਝ ਗਿਆ ਸੀ ਪਰ ਉਦੋਂ ਹੀ ਉਸਨੇ ਪੱਕਾ ਧਾਰ ਲਿਆ ਸੀ ਕਿ ਅਗਲੇ ਸਾਲ ਇਹ ਮੁਕਾਬਲਾ ਜ਼ਰੂਰ ਜਿੱਤਣਾ ਹੈ ਤੇ ਇਸ ਲਈ ਜੀਅ ਜਾਨੋਂ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਹਦੀ ਮਿਹਨਤ ਨੂੰ ਫਲ ਪਿਆ ਤੇ ਸੱਚਮੁੱਚ ਉਹ ਇਸ ਵਰ੍ਹੇ ਇਹ ਖਿਤਾਬ ਆਪਣੇ ਨਾਂਅ ਕਰਨ ਵਿਚ ਸਫ਼ਲ ਰਿਹੈ ਇਹ ਮੰਜ਼ਲ ਸਰ ਕਰਨ ਤੋਂ ਬਾਅਦ ਪਰਦੀਪ ਦੀ ਅੱਖ ਹੁਣ ਇਸ ਤੋਂ ਵੀ ਵੱਡੇ ਮੁਕਾਬਲਿਆਂ 'ਸਾ ਰੇ ਗਾ ਮਾ ਪਾ' ਤੇ 'ਇੰਡੀਅਨ ਆਈਡਲ' 'ਤੇ ਟਿਕ ਗਈ ਹੈ ਪਰ ਇਹਦੀ ਉਹਨੂੰ ਕੋਈ ਕਾਹਲ ਨਹੀਂ ਸਗੋਂ ਉਹ ਪੂਰੀ ਤਿਆਰੀ ਤੋਂ ਬਾਅਦ ਹੀ ਅਜਿਹੇ ਕਿਸੇ ਮੁਕਾਬਲੇ ਵਿਚ ਉਤਰੇਗਾ ਇਸ ਤੋਂ ਇਲਾਵਾ ਬਾਲੀਵੁੱਡ ਵਿਚ ਵੀ ਥਾਂ ਬਣਾਉਣ ਦਾ ਇੱਛੁਕ ਹੈ ਗਾਇਕੀ ਵਿਚ ਮਾਣਮੱਤੇ ਹਸਤਾਖ਼ਰ ਵਜੋਂ ਉਭਰੇ ਪਰਦੀਪ ਸਰਾਂ ਨੇ ਕਈ ਹੋਰ ਖੇਤਰਾਂ ਵਿਚ ਵੀ ਆਪਣੀ ਪੈਂਠ ਬਣਾਈ ਹੈ ਕੁੱਝ ਵਰ•ੇ ਪਹਿਲਾਂ ਭੰਗੜੇ ਵਿਚ ਏਸ਼ੀਆ ਭਰ ਵਿਚੋਂ ਬਾਜ਼ੀ ਮਾਰਨ ਵਾਲੀ ਬਾਬਾ ਫ਼ਰੀਦ ਪਬਲਿਕ ਸਕੂਲ ਬਠਿੰਡਾ ਦੀ ਟੀਮ ਦਾ ਮੈਂਬਰ ਹੋਣ ਦਾ ਮਾਣ ਉਸਨੂੰ ਹਾਸਲ ਹੈ ਤੇ ਬਾਸਕਿਟ ਬਾਲ ਵਿਚ ਵੀ ਉਹ ਨੈਸ਼ਨਲ ਪੱਧਰ ਤੱਕ ਖੇਡ ਚੁੱਕਾ ਹੈ ਟੋਨੀ ਬਾਤਿਸ਼ ਦੇ ਮਾਰਗ ਦਰਸ਼ਨ ਵਿਚ ਥਿਏਟਰ ਨਾਲ ਉਹਦੀ ਸਾਂਝ ਹੈ ਤੇ ਚਿੱਤਰਕਾਰੀ ਉਹਦਾ ਇਕ ਹੋਰ ਸ਼ੌਕ ਪਰਦੀਪ ਨਿਹਾਇਤ ਹੀ ਨਿੱਘੇ ਸੁਭਾਅ ਦਾ ਮਾਲਕ ਹੈ ਤੇ ਆਪਣੀ ਇਸ ਸ਼ੋਹਰਤ ਦਾ ਉਸ ਨੂੰ ਭੋਰਾ ਵੀ ਗੁਮਾਨ ਨਹੀਂ ਸ਼ੋਅ ਦੌਰਾਨ ਜੱਜ ਪ੍ਰਸਿੱਧ ਗਾਇਕ ਜਸਬੀਰ ਜੱਸੀ ਵੱਲੋਂ ਦਿੱਤੀ ਨਸੀਹਤ ਉਸ ਨੇ ਪੱਲੇ ਬੰਨ• ਲਈ ਹੈ, ਲਿਹਾਜ਼ਾ ਗੰਡਾਸਿਆਂ, ਬੰਦੂਕਾਂ, ਲੰਡੀਆਂ ਜੀਪਾਂ ਤੇ ਬੰਦੇ ਬੁੰਦੇ ਮਾਰਨ ਵਾਲੇ ਗੀਤਾਂ ਤੋਂ ਦੂਰ ਰਹਿਕੇ ਸਾਫ ਸੁਥਰੇ ਪਰਵਾਰਕ ਗੀਤ ਹੀ ਗਾਉਣ ਦਾ ਵਾਅਦਾ ਕਰਦਾ ਹੈ ਇਸ ਖੇਤਰ ਵਿਚ ਉੱਚੀ ਤੇ ਲੰਮੀ ਪਰਵਾਜ਼ ਭਰਨ ਲਈ ਖੁੱਲ•ਾ ਆਸਮਾਨ ਉਸਦੇ ਸਾਹਮਣੇ ਹੈ, ਮੰਜ਼ਿਲਾਂ ਸਰ ਕਰਨ ਦਾ ਜਜ਼ਬਾ ਉਹਦੇ ਅੰਦਰ ਹੈ ਸ਼ਾਲਾ ਉਹ ਜਵਾਨੀਆਂ ਮਾਣੇ ਤੇ ਪੰਜਾਬੀ ਗਾਇਕੀ ਦੇ ਮਾਣ ਵਿਚ ਵਾਧਾ ਕਰਦਾ ਰਹੇ -ਆਮੀਨ
-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ 151202
ਮੋਬਾ: 94173 33316

'ਪਿਆਰ-ਦ ਰੀਅਲ ਲਵ' ਲੈ ਕੇ ਆ ਰਿਹੈ ਅਰਸ਼ਦੀਪ 'ਅਰਸ਼'

ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਅੰਦਰ ਗਾਇਕਾਂ ਦੀ ਭਰਮਾਰ ਹੋ ਗਈ ਐ ਆਏ ਦਿਨ ਪਤਾ ਨਹੀਂ ਕਿੰਨੇ ਗਾਇਕ ਸਾਹਮਣੇ ਆਉਂਦੇ ਨੇ, ਪੱਲਿਓਂ ਪੈਸੇ ਖਰਚ ਕਰਕੇ ਕੱਚ ਘਰੜ ਗੀਤਾਂ ਦੀ ਟੇਪ ਕਰਦੇ ਨੇ, ਤੇ ਫਿਰ ਕਿਤੇ ਅਲੋਪ ਹੋ ਜਾਂਦੇ ਨੇ ਪਰ ਸਥਿਤੀ ਅਸਲੋਂ ਵੀ ਨਿਰਾਸ਼ਾ ਵਾਲੀ ਨਹੀਂ, ਕਦੇ-ਕਦੇ ਕੁੱਝ ਸੁਰੀਲੇ ਗਾਇਕ ਸਾਹਮਣੇ ਆਉਂਦੇ ਨੇ, ਜਿੰਨ੍ਹਾਂ ਦੇ ਪੱਲੇ ਗਾਇਕੀ ਦੀ ਕੁੱਝ ਸਮਝ-ਬੂਝ ਹੁੰਦੀ ਐ, ਸੁਰ-ਤਾਲ ਦਾ ਗਿਆਨ ਹੂੰਦੈ ਅਜਿਹੇ ਗਾਇਕ ਸਲਾਹੇ ਵੀ ਜਾਂਦੇ ਨੇ ਤੇ ਲੰਮਾਂ ਸਮਾਂ ਟਿਕਦੇ ਵੀ ਐਜੈਤੋ ਦਾ ਜੰਮਪਲ ਅਰਸ਼ਦੀਪ ਅਰਸ਼ ਅਜਿਹਾ ਹੀ ਗਾਇਕ ਐ ਜਿਸ ਨੇ ਲੰਮਾਂ ਸਮਾਂ ਮਿਹਨਤ ਕੀਤੀ ਐ, ਗਾਇਕੀ ਨੂੰ ਪੜ੍ਹਿਐ, ਸਿੱਖਿਐ ਤੇ ਸਮਝਿਐ ਭੁਪਿੰਦਰ ਸ਼ਰਮਾ ਤੇ ਕਮਲੇਸ਼ ਕੁਮਾਰੀ ਦੇ ਇਕਲੌਤੇ ਪੁੱਤ 'ਅਰਸ਼' ਨੇ ਜਦੋਂ ਉਹਨੇ ਗਾਉਣਾ ਸ਼ੁਰੂ ਕੀਤਾ ਸੀ ਓਦੋਂ ਉਹ ਤੀਜੀ ਜਮਾਤ ਵਿਚ ਪੜ੍ਹਦਾ ਸੀ ਤੇ ਆਪਣੇ ਆਪ ਸਟੇਜ 'ਤੇ ਵੀ ਚੜ੍ਹਿਆ ਨਹੀਂ ਸੀ ਜਾਂਦਾ ਓਸਤੋਂ ਹੰਸ ਰਾਜ ਹੰਸ ਦਾ ਗੀਤ ਗਾਇਆ ਕਰਦਾ ਸੀ ਉਹ 'ਨੀ ਵਣਜਾਰਣ ਕੁੜੀਏ' ਓਸੇ ਵੇਲੇ ਹੀ ਉਹਨੇ ਇਕ ਮੁਕਾਬਲੇ ਵਿਚ 'ਸਿੰਗਰ ਆਫ ਦਾ ਸਿਟੀ' ਦਾ ਖਿਤਾਬ ਆਪਣੀ ਝੋਲੀ ਪੁਆ ਕੇ ਸਾਬਤ ਕਰ ਦਿੱਤਾ ਸੀ ਕਿ ਇਹ ਮੁੰਡਾ ਸੰਗੀਤ ਦੇ ਖੇਤਰ ਵਿਚ ਆਪਣੀ ਪਛਾਣ ਬਣਾਵੇਗਾ ਤੇ ਉਹ ਇਸ ਰਾਹ ਸਾਬਤ ਕਦਮ ਤੁਰ ਪਿਐ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਉੁਸਨੇ ਗਰੈਜੂਏਸ਼ਨ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਸਨੇ ਸੰਗੀਤ ਦੀ ਮਾਸਟਰ ਡਿਗਰੀ ਲਈ ਸਰਕਾਰੀ ਕਾਲਜ ਜਲੰਧਰ ਤੋਂ ਉਹਨੇ ਬੀ. ਐੱਡ ਸੰਗੀਤ ਵਿਸ਼ੇ ਨਾਲ ਕੀਤੀ ਐ ਅਤੇ ਪੰਜਾਬੀ ਦੀ ਮਾਸਟਰ ਡਿਗਰੀ ਵੀ ਕਰ ਲਈ ਐ ਬੀ. ਐੱਡ ਕਰਦਿਆਂ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਲੋਕ ਗੀਤ ਅਤੇ ਗ਼ਜ਼ਲ ਗਾਇਣ ਵਿਚ ਗੋਲਡ ਮੈਡਲਿਸਟ ਬਣਿਆ ਅੱਜ-ਕੱਲ੍ਹ ਸਰਕਾਰੀ ਆਦਰਸ਼ ਸਕੂਲ ਮੱਲਾ ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਅ ਰਿਹੈ ਸੰਗੀਤ ਦੇ ਖੇਤਰ ਵਿਚ ਉਹਨੇ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ: ਰਾਜੇਸ਼ ਮੋਹਨ ਨੂੰ ਆਪਣਾ ਉਸਤਾਦ ਧਾਰਿਆ ਤੇ ਨੀਝ ਲਾ ਕੇ ਸੰਗੀਤ ਦੀਆਂ ਬਾਰੀਕੀਆਂ ਸਮਝੀਆਂਪਿਛਲੇ ਕਰੀਬ ਦੋ ਦਹਾਕਿਆਂ ਤੋਂ ਜ਼ਿਆਦਾ ਸਮਾਂ ਸਗੀਤ ਸਾਧਨਾਂ ਤੋਂ ਬਾਅਦ ਇਹਨੀ ਦਿਨੀਂ ਉਹ ਆਪਣੀ ਪਲੇਠੀ ਟੇਪ ਦੀ ਤਿਆਰੀ ਵਿਚ ਲੱਗਿਆ ਹੋਇਐ। 'ਪਿਆਰ-ਦ ਰੀਅਲ ਲਵ' ਟਾਈਟਲ ਥੱਲੇ ਰਿਲੀਜ਼ ਹੋਣ ਜਾ ਰਹੀ ਇਸ ਟੇਪ ਵਿਚ ਖੁਦ ਅਰਸ਼ਦੀਪ ਅਰਸ਼, ਗੁਰਯਾਦ ਬਰਾੜ, ਪ੍ਰੋ: ਰਾਜੇਸ਼ ਮੋਹਨ ਤੇ ਸੱਚਦੇਵ ਮੀਤਾ ਦੇ ਲਿਖੇ ਗੀਤਾਂ ਨੂੰ ਸੰਗੀਤ ਵਿਚ ਅਰਸ਼ ਨੇ ਖੁਦ ਹੀ ਢਾਲਿਐ। ਕੈਸਟ ਦਾ ਟਾਈਟਲ ਗੀਤ 'ਪਿਆਰ-ਦ ਰੀਅਲ ਲਵ' ਅਤੇ ਸੱਜਣਾ ਵੇ ਸੱਜਣਾ ਮੁੰਕਮਲ ਹੋ ਚੁੱਕੇ ਹਨ ਤੇ ਦੋਹਾਂ ਦੇ ਵੀਡੀਓ ਵੀ ਫਿਲਮਾਏ ਜਾ ਚੁੱਕੇ ਨੇ। ਅਰਸ਼ ਦਾ ਦੱਸਣਾ ਹੈ ਕਿ ਇਸ ਟੇਪ ਵਿਚ ਉਸਨੇ ਪਰਵਾਰਕ ਤੇ ਮਿਆਰੀ ਮੈਟਰ ਸ਼ਾਮਲ ਕੀਤੈ ਜੋ ਹਰ ਵਰਗ ਦੇ ਸਰੋਤਿਆਂ ਪਸੰਦ ਆਵੇਗਾ। ਅਚਿੰਤ ਮਿਊਜ਼ਕ ਨਾਂਅ ਦੀ ਕੰਪਨੀ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਕੈਸੈਟ ਦੇ ਗੀਤਾਂ ਨੂੰ ਉਭਰਦੇ ਵੀਡੀਓ ਨਿਰਦੇਸ਼ਕ ਜੇ.ਡੀ. ਵਰਿੰਦਰ ਦੀ ਦੇਖ ਰੇਖ ਵਿਚ ਫਿਲਮਾਇਆ ਜਾ ਰਿਹੈ।
-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ
ਮੋਬਾ: 94173 33316

Saturday, June 18, 2011

ਬਾਲੀਵੁੱਡ 'ਚ ਪੈਰ ਜਮਾਉਣਾ ਚਾਹੁੰਦੈ ਨਵੀ ਭੰਗੂ

ਅੱਜਕੱਲ੍ਹ ਗੀਤ ਸਿਰਫ ਸੁਣੇ ਨਹੀਂ ਜਾਂਦੇ, ਦੇਖੇ ਵੀ ਜਾਂਦੇ ਹਨ ਗੀਤਾਂ ਦੇ ਫਿਲਮਾਂਕਣ ਦੇ ਦੌਰ ਅਨੇਕ ਫ਼ਨਕਾਰਾਂ ਨੂੰ ਆਪਣੇ ਫ਼ਨ ਦਾ ਮੁਜ਼ਾਹਿਰਾ ਕਰਨ ਦਾ ਮੌਕਾ ਦਿੱਤਾ ਬਹੁਤ ਸਾਰੇ ਮੁੰਡੇ ਕੁੜੀਆਂ ਇਸ ਖੇਤਰ ਵਿਚ ਆਏ ਅਤੇ ਆ ਰਹੇ ਹਨ ਜਿਹੜੇ ਪੈਸੇ ਦੇ ਜ਼ੋਰ 'ਤੇ ਜਾਂ ਸਿਰਫ ਸਰੀਰਕ ਸੁੰਦਰਤਾ ਦੇ ਸਹਾਰੇ ਇਸ ਖੇਤਰ ਵਿਚ ਕੁੱਦੇ ਸਨ, ਉਹ ਵੇਲੇ ਦੇ ਵਹਿਣ ਵਿਚ ਗੁਆਚ ਗਏ ਜਿੰਨ੍ਹਾਂ ਕੋਲ ਸੱਚਮੁੱਚ ਅਦਾਕਾਰੀ ਵਰਗਾ ਕੁੱਝ ਸੀ, ਉਹ ਇਸ ਪਿੜ ਵਿਚ ਟਿਕੇ ਹੋਏ ਹਨ ਅਤੇ ਹਰ ਚੜ੍ਹਦੀ ਸਵੇਰ ਅੱਗੇ ਵਧ ਰਹੇ ਹਨ ਜਲੰਧਰ ਨੇੜਲੇ ਪਿੰਡ ਨੂਰ ਮਹਿਲ ਦਾ ਜੰਮਪਲ ਨਵੀ ਭੰਗੂ ਇਨ੍ਹਾਂ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਸੁਲਝੇ ਹੋਏ ਮਾਡਲਾਂ ਵਿਚੋਂ ਇਕ ਹੈ 28 ਅਗਸਤ 1985 ਨੂੰ ਵਿਜੇ ਭੰਗੂ ਤੇ ਜਸਵੀਰ ਕੌਰ ਦੇ ਪਰਵਾਰਕ ਬਗੀਚੇ ਵਿਚ ਖਿੜਿਆ ਇਹ ਫੁੱਲ ਪਿਛਲੇ ਕੁੱਝ ਸਾਲਾਂ ਤੋਂ ਆਪਣੀ ਮਹਿਕ ਚੌਫੇਰ ਖਿੰਡਾਅ ਰਿਹਾ ਹੈ ਥਿਏਟਰ ਅਤੇ ਟੈਲੀਵਿਯਨ ਦੀ ਮਾਸਟਰ ਡਿਗਰੀ ਪ੍ਰਾਪਤ ਕਰ ਚੁੱਕੇ ਨਵੀ ਭੰਗੂ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ ਸ਼ਰਾਰਤੀ ਅੱਖਾਂ ਵਾਲੇ ਇਸ ਸੁਨੱਖੇ ਮੁੰਡੇ ਦਾ ਇਹ ਸੁਪਨਾ ਓਦੋਂ ਹਕੀਕਤ ਵਿਚ ਬਦਲਿਆ ਜਦੋਂ ਉਹ ਡਾਇਰੈਕਟਰ ਪੂਨਮ ਦੇ ਸੰਪਰਕ ਵਿਚ ਆਇਆ ਅਤੇ ਉਸ ਨੇ ਨਵੀ ਨੂੰ ਰਾਏ ਜੁਝਾਰ ਦੇ ਗੀਤ 'ਦੁੱਖੜਾ' ਵਿਚ ਆਪਣੀ ਫ਼ਨੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਗੀਤ ਬੇਹੱਦ ਹਿੱਟ ਹੋਇਆ ਅਤੇ ਉੁਹਦੇ ਬਾਅਦ ਨਵੀ ਭੰਗੂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਨਿੱਤ ਨਵੀਂ ਸਵੇਰ ਉਹਦੇ ਲਈ ਕਾਮਯਾਬੀ ਦਾ ਸੁਨੇਹਾ ਲਿਆਉਂਦੀ ਰਹੀ ਹੁਣ ਤੱਕ 250 ਤੋਂ ਜ਼ਿਆਦਾ ਗੀਤਾਂ ਦੇ ਵੀਡੀਓਜ਼ ਵਿਚ ਆਪਣੀ ਅਦਾਕਾਰੀ ਦਿਖਾ ਚੁੱਕਿਆ ਨਵੀ ਉਦਾਸ, ਚੁਲਬੁਲੇ, ਰੁਮਾਂਟਿਕ ਹਰ ਤਰ੍ਹਾਂ ਦੇ ਗੀਤਾਂ ਵਿਚ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ ਗੀਤਾਂ ਦੇ ਇਲਾਵਾ ਉਹ ਪੰਜਾਬੀ ਫਿਲਮ ਹਸ਼ਰ ਵਿਚ ਵੀ ਦਿਖਾਈ ਦਿੱਤਾ ਅਤੇ ਜਿੰਮੀ ਸ਼ੇਰਗਿੱਲ ਦੀ ਫਿਲਮ 'ਫਲੈਟ' ਵਿਚ ਵੀ ਨਜ਼ਰ ਆਵੇਗਾ ਆਪਣੇ ਕੰਮ ਪ੍ਰਤੀ ਉਹ ਪੂਰੀ ਤਰ੍ਹਾਂ ਸਮਰਪਿਤ ਹੈ ਵਿਹਲੇ ਸਮੇਂ 'ਚ ਪੁਰਾਣੇ ਅਤੇ ਸੂਫੀ ਗੀਤ ਸੁਣਨਾ ਉਸਨੂੰ ਚੰਗਾ ਲਗਦੈ ਪੰਜਾਬੀ ਫਿਲਮਾਂ ਦੇ ਨਾਲ ਨਾਲ ਬਾਲੀਵੁੱਡ ਵਿਚ ਸਥਾਪਿਤ ਹੋਣਾ ਉਸਦਾ ਨਿਸ਼ਚੈ ਹੈ ਉਹਦੀ ਮਿਹਨਤ ਤੇ ਲਗਨ ਯਕੀਨ ਦੁਆਉਂਦੀ ਹੈ ਕਿ ਉਹਦੀ ਇਹ ਹਸਰਤ ਜ਼ਰੂਰ ਪੂਰੀ ਹੋਵੇਗੀ
-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ
ਮੋਬਾ: 94173 33316

Sunday, February 27, 2011

ਅੱਤਵਾਦ ਤੋਂ ਵੀ ਖ਼ਤਰਨਾਕ ਹੈ ਅਜੋਕੀ ਪੰਜਾਬੀ ਗਾਇਕੀ

ਪੰਜਾਬੀ ਗਾਇਕੀ ਵਿਚ ਅੱਜ ਜੋ ਕੁੱਝ ਲਿਖਿਆ, ਗਾਇਆ ਤੇ ਦਿਖਾਇਆ ਜਾ ਰਿਹਾ ਹੈ ਉਹ ਸੱਚਮੁੱਚ ਸੋਚਣ ਦਾ ਸਭ ਤੋਂ ਅਹਿਮ ਵਿਸ਼ਾ ਹੈ। ਅਜੋਕੀ ਗਾਇਕੀ ਰੂਹ ਨੂੰ ਸਕੂਨ ਦੇਣ ਦੀ ਬਜਾਏ ਤੜਫ਼ਾ ਰਹੀ ਹੈ। ਸੱਚਪੁੱਛੋ ਤਾਂ ਇਹ ਸੰਗੀਤਕ ਅੱਤਵਾਦ ਹੈ ਜਿਹੜਾ ਸਾਡੀ ਨਵੀਂ ਪੀੜ੍ਹੀ ਦਾ ਘਾਣ ਕਰੀ ਜਾ ਰਿਹਾ ਹੈ। ਹਰ ਰੋਜ਼ ਉੱਠਦੇ ਨਵੇਂ ਗਾਇਕ ਬਿਨ ਕੁੰਡੇ ਦੇ ਹਾਥੀ ਵਾਂਗੂੰ ਕੁੱਝ ਵੀ ਊਲ ਜਲੂਲ ਗਾਈ ਜਾਂਦੇ ਹਨ। ਪੈਸੇ ਦੀ ਹਵਸ ਵਿਚ ਆਪਣੀਆਂ ਸਮਾਜਿਕ ਜਿੰਮੇਂਵਾਰੀਆਂ ਤੋਂ ਭਟਕੇ ਟੀ.ਵੀ. ਚੈਨਲ ਇਹ ਗੰਦੇ, ਘਟੀਆ, ਬਜ਼ਾਰੂ, ਬੇਅਕਲੀ ਨਾਲ ਲਬਰੇਜ਼ ਗੀਤ ਦਿਖਾਈ ਧੜਾ-ਧੜ ਦਿਖਾਈ ਜਾਂਦੇ ਹਨ। ਲੜਾਈ ਮਾਰ ਕੁਟਾਈ, ਲੱਚਰ ਕਿਸਮ ਦੀ ਸ਼ਬਦਾਵਲੀ, ਘਟੀਆ ਫਿਲਮਾਂਕਣ ਵਾਲੇ ਇਨ੍ਹਾਂ ਗੀਤਾਂ ਦਾ ਅੱਲੜ੍ਹ ਉਮਰ ਦੇ ਸਰੋਤਿਆਂ/ਦਰਸ਼ਕਾਂ 'ਤੇ ਕੀ ਅਸਰ ਪੈਂਦਾ ਹੈ, ਇਹ ਕੋਈ ਸੋਚਣ ਦੀ ਲੋੜ ਨਹੀਂ ਸਮਝਦਾ। ਹੈਰਾਨੀਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਚੰਗੇ ਭਲੇ ਗੀਤਾਂ ਨਾਲ ਸ਼ੁਰੂਆਤ ਕਰਨ ਤੇ ਸਫਲ ਵੀ ਹੋਣ ਤੋਂ ਬਾਅਦ ਵੀ ਸਾਡੇ ਗਾਇਕ ਆਪਣੇ ਮੱਥੇ ਤੇ ਘਟੀਆ ਤੇ ਲੱਚਰ ਗਾਇਕ ਦਾ ਠੱਪਾ ਲਵਾਉਣ ਲੱਗੇ ਰੱਤੀ ਭਰ ਨਹੀਂ ਸੋਚਦੇ। ਜੱਸੀ ਸੋਹਲ ਨਾਂਅ ਦਾ ਗਾਇਕ ਵੀ 'ਬਾਪੂ ਕਹਿੰਦਾ ਰਾਜ਼ੀਨਾਮਾ ਨਹੀਂ ਕਰਨਾ….. .' ਵਰਗੇ ਗੀਤਾਂ ਨਾਲ ਓਸੇ ਭੀੜ ਵਿਚ ਸ਼ਾਮਲ ਹੋ ਗਿਆ ਜਿਸ ਤੋਂ ਸਰੋਤਿਆਂ ਦੇ ਸੁਚੇਤ ਵਰਗ ਨੂੰ ਢੇਰਾਂ ਸ਼ਿਕਾਇਤਾਂ ਨੇ। ਕੁੜੀਆਂ ਬਾਰੇ ਘਟੀਆ ਟਿੱਪਣੀਆਂ ਕਰਨ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਦੀ ਘਾਟ ਨਹੀਂ ਸੀ ਕਿ ਖੁਦ ਗਾਇਕਾਵਾਂ ਵੀ ਇਸ ਕੰਮ ਵਿਚ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਇੱਕ ਗਾਇਕਾ ਹੁੱਬ ਕੇ ਮੁੰਡੇ ਨੂੰ ਸਲਾਹ ਦੇ ਰਹੀ ਹੈ ਕਿ ਜੇਕਰ ਕੁਆਰੀ ਕੁੜੀ ਪੱਟਣੀ ਹੈ ਤਾਂ ਮਹਿੰਗੀ ਗੱਡੀ (ਸਫਾਰੀ) ਰੱਖ, ਏਥੇ ਦਿਲਾਂ ਵਿਚਲੇ ਪਿਆਰ ਨੂੰ ਕੋਈ ਨਹੀਂ ਪੁੱਛਦਾ।' ਹੁਣ ਕੁੜੀਆਂ ਖੁਦ ਹੀ ਕੁੜੀਆਂ ਦੀ ਮਿੱਟੀ ਪਲੀਤ ਕਰਨ ਲੱਗ ਪਈਆਂ ਹਨ, ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਚਾਹੀਦਾ ਤਾਂ ਇਹ ਹੈ ਗਾਉਣ ਵਾਲੀਆਂ ਕੁੜੀਆਂ ਆਪਣੇ ਆਪ ਲਈ ਕੁੱਝ ਸਤਿਕਾਰਤ ਸਥਾਨ ਬਣਾਉਣ, ਲੋਕਾਂ ਦੀਆਂ ਨਜ਼ਰਾਂ ਵਿਚ ਉੱਚਾ ਉੱਠਣ ਲਈ ਚੰਗਾ ਗਾਉਣ, ਮਾੜਾ ਗਾਉਣ ਤੋਂ ਸਾਫ ਸਾਫ ਮਨਾ ਕਰਨ। ਜਿਹੜੇ ਗੀਤਕਾਰ, ਗਾਇਕ ਜਾਂ ਪੇਸ਼ਕਾਰ ਆਪਣੀ ਮੰਦੀ ਸੋਚ ਦਾ ਭਾਂਡਾ ਲੋਕਾਂ ਦੀ ਪਸੰਦ ਦੇ ਸਿਰ ਭੰਨਦੇ ਹਨ। ਉਹ ਸਰਾਸਰ ਝੂਠ ਬੋਲਦੇ ਹਨ। ਜੇਕਰ ਲੋਕ ਸਿਰਫ ਰਫਲਾਂ, ਪਿਸਤੌਲਾਂ, ਰਾਤ ਦੇ ਹਨੇਰੇ ਵਿਚ ਮੁੰਡੇ ਨੂੰ ਮਿਲਣ ਜਾਂਦੀ ਕੁੜੀ ਵਾਲੇ ਗੀਤ ਹੀ ਪਸੰਦ ਕਰਦੇ ਹੁੰਦੇ ਤਾਂ ਗੀਤੇ ਜ਼ੈਲਦਾਰ ਦਾ ਗੀਤ 'ਹਾਰਟ ਬੀਟ' ਏਨਾ ਹਿੱਟ ਨਾ ਹੁੰਦਾ ਕਿ ਵਿਆਹਾਂ ਦੇ ਸਮਾਗਮਾਂ ਵਿਚ ਇਹੋ ਗੀਤ 5-7 ਵਾਰ ਵੱਜਦਾ। ਕਮਲ ਹੀਰ ਦਾ 'ਫੇਸ ਬੁੱਕ' ਲੋਕਾਂ ਦੀ ਜ਼ੁਬਾਨ 'ਤੇ ਨਾ ਹੁੰਦਾ। ਜੇਕਰ ਫਿਲਮਾਂਕਣ ਦੀ ਗੱਲ ਕਰੀਏ ਤਾਂ ਓਥੇ ਹੋਰ ਵੀ ਮੰਦਾ ਹਾਲ ਹੈ। ਵੀਡੀਓ ਡਰਾਇਕਟਰ ਪਤਾ ਨਹੀਂ ਕਿਹੜੇ ਪੰਜਾਬ ਵਿਚ ਵਿਚਰਦੇ ਹਨ। ਆਪਣੀਆਂ ਵੀਡੀਓਜ਼ ਵਿਚ ਨੰਗੇਜ਼ ਦਿਖਾਉਣ ਲੱਗੇ ਉਹ ਗੀਤ ਦੇ ਬੋਲਾਂ ਦਾ ਵੀ ਖਿਆਲ ਨਹੀਂ ਰੱਖਦੇ। ਟੀ.ਵੀ ਚੈਨਲਾਂ 'ਤੇ ਇੱਕ ਦੋਗਾਣਾ ਚੱਲ ਰਿਹਾ ਹੈ। ਜਿਸ ਵਿਚ ਕੁੜੀ ਆਪਣੇ ਪ੍ਰੇਮੀ ਨੂੰ ਚੁੰਨੀ ਦਾ ਲੜ ਛੱਡਣ ਲਈ ਆਖ ਰਹੀ ਹੈ ਪਰ ਅਸ਼ਕੇ ਜਾਈਏ ਵੀਡੀਓ ਡਰਾਇਕਟਰ ਦੇ ਜਿਸ ਨੇ ਪੂਰੇ ਵੀਡੀਓ ਵਿਚ ਕਿਤੇ ਵੀ ਚੁੰਨੀ ਨਹੀਂ ਦਿਖਾਈ। ਪਿੱਛੇ ਜਿਹੇ ਜਦੋਂ ਪੰਜਾਬੀ ਵਿਚ ਸ਼ੁਭ ਸੰਕੇਤ ਬਣਕੇ ਉਭਰੇ ਡਾ: ਸਤਿੰਦਰ ਸਰਤਾਜ ਦੀ ਗਾਇਕੀ ਤੋਂ ਕੁੱਝ ਚੰਗੀਆਂ ਸੰਭਾਵਨਾਵਾਂ ਉਜਾਗਰ ਹੋਈਆਂ। ਪਰ ਉਹਦੇ ਦੁਆਲੇ ਵਿਵਾਦਾਂ ਦਾ ਜਾਲ ਬੁਣ ਦਿੱਤਾ ਗਿਆ। ਉਸ ਦੇ ਗੀਤ 'ਬਿੱਲੋ' ਤੇ 'ਯਾਹਮੇ' ਵਿਚੋਂ ਸਾਡੇ ਕੁੱਝ ਵੱਡੇ ਲੇਖਕਾਂ/ਆਲੋਚਕਾਂ ਨੂੰ ਲੱਚਰਤਾ ਦੀ ਬੋਅ ਆਈ। ਪਰ ਲੇਖਕ ਸਭਾਵਾਂ ਦੇ ਆਗੂ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਹੁਣ ਕਿੱਥੇ ਨੇ? ਉਹ ਕਿਉਂ ਪੰਜਾਬੀ ਗਾਇਕੀ ਨੂੰ ਦਾਗਦਾਰ ਕਰਨ ਵਾਲੇ ਗਾਇਕਾਂ, ਟੀ.ਵੀ ਚੈਨਲਾਂ ਵਿਰੁੱਧ ਮੂੰਹ ਨਹੀਂ ਖੋਲ•ਦੇ? ਅਸਲ ਮੁੱਦਾ ਇਹ ਹੈ ਕਿ ਏਸ ਅੱਤਵਾਦ ਦੇ ਖਤਰੇ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆਉਂਦੇ। ਸਰਕਾਰ ਦਾ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਕਿਥੇ ਸੁੱਤੈ। ਕਿਉਂ ਕੁੱਝ ਸਖ਼ਤੀ ਨਹੀਂ ਹੁੰਦੀ? ਕਿਉਂ ਗੀਤਾਂ ਲਈ ਕੋਈ ਸੈਂਸਰ ਬੋਰਡ ਵਰਗੀ ਸੰਸਥਾ ਨਹੀਂ ਬਣਦੀ?
-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ

Saturday, January 22, 2011

ਮਰਦਮ ਸ਼ੁਮਾਰੀ ਤੇ ਅਧਿਆਪਕਾਂ ਦਾ ਗੁੱਸਾ

-ਹਰਮੇਲ ਪਰੀਤ
ਪੰਜਾਬ ਦੇ ਅਧਿਆਪਕਾਂ ਅੰਦਰ ਇਹਨੀਂ ਦਿਨੀਂ ਗੁੱਸੇ ਦੀ ਲਹਿਰ ਹੈ। ਵੈਸੇ ਤਾਂ ਸ਼ਾਇਦ ਹੀ ਕੋਈ ਅਜਿਹਾ ਦਿਨ ਹੁੰਦਾ ਹੋਵੇਗਾ ਜਦੋਂ ਅਧਿਆਪਕਾਂ ਦਾ ਸਰਕਾਰ ਜਾਂ ਸਿੱਖਿਆ ਵਿਭਾਗ ਨਾਲ ਇੱਟ ਖੜੱਕਾ ਨਾ ਚਲਦਾ ਹੋਵੇ। ਹਾਲੀਆ ਗੁੱਸੇ ਦਾ ਕਾਰਨ ਅਧਿਆਪਕਾਂ ਦੀ ਮਰਦਮ ਸ਼ੁਮਾਰੀ ਲਈ ਡਿਊਟੀ ਲਾਏ ਜਾਣਾ ਹੈ। ਇਸ ਤੋਂ ਵੀ ਜ਼ਿਆਦਾ ਗੁੱਸਾ ਇਸ ਗੱਲੋਂ ਹੈ ਕਿ ਅਧਿਆਪਕਾਂ ਨੂੰ ਇਹ ਕੰਮ (ਮਰਦਮਸ਼ੁਮਾਰੀ) ਸਕੂਲ ਟਾਈਮ ਤੋਂ ਬਾਅਦ ਕਰਨ ਲਈ ਆਖਿਆ ਜਾ ਰਿਹਾ ਹੈ। ਇਹ ਗੱਲ ਦਰੁਸਤ ਹੈ ਕਿ ਸਰਕਾਰ ਵੱਲੋਂ ਆਏ ਦਿਨ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਗ਼ੈਰ ਵਿਦਿਅਕ ਕੰਮ ਵਿਚ ਲਾਇਆ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈਣਾ ਸੁਭਾਵਿਕ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਜਾਂ ਤਾਂ ਉਨ੍ਹਾਂ ਤੋਂ ਇਹ ਕੰਮ ਸਕੂਲ ਟਾਈਮ 'ਚ ਹੀ ਕਰਵਾਵੇ ਤੇ ਜਾਂ ਫੇਰ ਇਹ ਕੰਮ ਕਿਸੇ ਹੋਰ ਵਿਭਾਗ ਦੇ ਮੁਲਾਜ਼ਮਾਂ ਤੋਂ ਕਰਵਾ ਲਿਆ ਜਾਵੇ। ਅਧਿਆਪਕ ਇਸ ਸਬੰਧੀ ਕੀਤੀਆਂ ਜਾ ਰਹੀਆਂ ਰਿਹਰਸਲਾਂ ਦਾ ਬਾਈਕਾਟ ਕਰ ਰਹੇ ਹਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ।ਇਸ ਰੋਜ਼ ਰੋਜ਼ ਦੇ ਟੈਂਟੇ ਦਾ ਹੱਲ ਏਹੀ ਹੈ ਕਿ ਸਰਕਾਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਕਰਵਾਉਣੇ ਬੰਦ ਕਰੇ ਤੇ ਉਨ੍ਹਾਂ ਨੂੰ ਆਪਣਾ ਪੂਰਾ ਧਿਆਨ ਵਿਦਿਆਰਥੀਆਂ ਨੂੰ ਪੜ੍ਹਾਉਣ ਵੱਲ ਹੀ ਲਾਉਣ ਦੇਵੇ। ਅਧਿਆਪਕ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਇੱਕ ਪਾਸੇ ਸਰਕਾਰ ਆਏ ਦਿਨ ਕਿਸੇ ਸਰਵੇਖਣ, ਵੋਟਰ ਸੂਚੀਆਂ ਬਣਾਉਣ, ਵੋਟਾਂ ਪਵਾਉਣ ਜਾਂ ਮਰਦਮਸ਼ੁਮਾਰੀ ਜਿਹੇ ਕੰਮਾਂ ਵਿਚ ਅਧਿਆਪਕਾਂ ਨੂੰ ਫਸਾਈ ਰੱਖੇ ਤੇ ਫੇਰ ਮਾੜੇ ਨਤੀਜੇ ਆਉਣ 'ਤੇ ਅਧਿਆਪਕਾਂ ਨੂੰ ਹੀ ਨਿਸ਼ਾਨਾ ਵੀ ਬਣਾਵੇ। ਅਜਿਹਾ ਨਹੀਂ ਕਿ ਸਰਕਾਰ ਕੋਲ ਅਜਿਹੇ ਸਾਰੇ ਗ਼ੈਰ ਵਿਦਿਅਕ ਕੰਮ ਕਰਵਾਉਣ ਲਈ ਅਧਿਆਪਕਾਂ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ। ਸਰਕਾਰ ਦੇ ਬਹੁਤ ਸਾਰੇ ਐਸੇ ਵਿਭਾਗ ਹਨ ਜਿੰਨ੍ਹਾਂ ਦਾ ਇਸ ਸੀਜ਼ਨ ਵਿਚ ਕੋਈ ਕੰਮ ਨਹੀਂ ਹੁੰਦਾ, ਲਿਹਾਜ਼ਾ ਉਨ੍ਹਾਂ ਵਿਭਾਗਾਂ ਦੇ ਮੁਲਾਜ਼ਮ ਇਹਨਾਂ ਮਹੀਨਿਆਂ ਵਿਚ ਲਗਭਗ ਵਿਹਲੇ ਹੁੰਦੇ ਉਨ੍ਹਾਂ ਕੋਲੋਂ ਅਜਿਹੇ ਸਾਰੇ ਕੰਮ ਕਰਵਾਏ ਜਾ ਸਕਦੇ ਹਨ। ਇਸ ਮਾਮਲੇ ਦਾ ਇਸ ਤੋਂ ਵੀ ਦਿਲਸਚਪ ਪਹਿਲੂ ਇਹ ਹੈ ਕਿ ਅਜਿਹੇ ਸਾਰੇ ਗ਼ੈਰਵਿਦਿਅਕ ਕੰਮ ਸਰਕਾਰ ਵੱਲੋਂ ਮੁਫ਼ਤ ਨਹੀਂ ਕਰਵਾਏ ਜਾਂਦੇ। ਸਗੋਂ ਅਜਿਹੇ ਕੰਮਾਂ ਲਈ ਅਧਿਆਪਕਾਂ (ਜਾਂ ਕੰਮ ਕਰਨ ਵਾਲੇ ਹੋਰ ਮੁਲਾਜ਼ਮਾਂ) ਨੂੰ ਆਪਣੀ ਮੂਲ ਤਨਖ਼ਾਹ ਤੋਂ ਇਲਾਵਾ ਵੱਖਰਾ ਸੇਵਾਫ਼ਲ ਦਿੱਤਾ ਜਾਂਦਾ ਹੈ। ਇਹ ਸੇਵਾਫ਼ਲ ਹਜ਼ਾਰਾਂ ਵਿਚ ਹੁੰਦਾ ਹੈ। ਇਸ ਕਰਕੇ ਜੇਕਰ ਸਰਕਾਰ ਇਸ ਤਰ੍ਹਾਂ ਦੇ ਕੰਮਾਂ ਲਈ ਪੜ੍ਹੇ ਲਿਖੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਟ੍ਰੇਨਿੰਗ ਦੇ ਕੇ ਤਿਆਰ ਕਰੇ ਤਾਂ ਉਨ੍ਹਾਂ ਦੀ ਆਰਥਿਕ ਮੱਦਦ ਵੀ ਹੋ ਸਕਦੀ ਹੈ ਅਤੇ ਉਹ ਆਪਣੀ ਤਾਕਤ ਨੂੰ ਸਹੀ ਦਿਸ਼ਾ ਵਿਚ ਵੀ ਲਾ ਸਕਦੇ ਹਨ। ਉਦਾਹਰਣ ਵਜੋਂ ਸਰਕਾਰੀ ਸੂਤਰਾਂ ਮੁਤਾਬਿਕ ਮਰਦਮ ਸ਼ੁਮਾਰੀ ਦੇ ਕੰਮ ਬਦਲੇ ਅਧਿਆਪਕਾਂ ਨੂੰ 9 ਫਰਵਰੀ ਤੋਂ 28 ਫਰਵਰੀ ਤੱਕ ਦਾ ਕਰੀਬ ਚਾਰ ਹਜ਼ਾਰ ਰੁਪਏ ਮਿਹਨਤਾਨਾ ਦਿੱਤਾ ਜਾਣਾ ਹੈ। ਸੋ ਜੇਕਰ ਏਨੇ ਮਿਹਨਤਾਨੇ 'ਤੇ ਇਹ ਕੰਮ ਬੇਰੁਜ਼ਗਾਰ ਮੁੰਡੇ ਕੁੜੀਆਂ ਤੋਂ ਕਰਵਾਇਆ ਜਾਵੇ ਤਾਂ ਜ਼ਿਆਦਾ ਫਾਇਦੇਮੰਦ ਹੈ। ਦੂਜੇ ਪਾਸੇ ਵੱਖਰਾ ਮਿਹਨਤਾਨਾ ਮਿਲਣ ਦੀ ਸੂਰਤ ਵਿਚ ਅਧਿਆਪਕਾਂ ਦਾ ਇਸ ਕੰਮ ਨੂੰ ਸਕੂਲ ਟਾਈਮ 'ਚ ਕਰਨ ਦੀ ਜ਼ਿੱਦ ਕਰਨਾ ਵੀ ਵਾਜਿਬ ਨਹੀਂ ਹੈ। ਵੱਖਰਾ ਮਿਹਨਤਾਨਾ ਓਸੇ ਕੰਮ ਦਾ ਹੀ ਮਿਲ ਸਕਦਾ ਹੈ ਜਿਹੜਾ ਕੰਮ ਕੋਈ ਮੁਲਾਜ਼ਮ ਆਪਣੀ ਡਿਊਟੀ ਤੋਂ ਬਾਅਦ ਵੱਖਰਾ ਸਮਾਂ ਖਰਚ ਕਰਕੇ ਕਰਦਾ ਹੈ। ਦੂਜੀ ਗੱਲ ਅਧਿਆਪਕ ਸਾਥੀ ਆਪਣੀ ਗੱਲ ਸਾਫ ਸਾਫ ਰੱਖਣ ਕਿ ਉਹ ਵਿਰੋਧ ਕਿਉਂ ਕਰ ਰਹੇ ਹਨ। ਇੱਕ ਪਾਸੇ ਉਹ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਗੱਲ ਕਰਦੇ ਹਨ, ਦੂਜੇ ਪਾਸੇ ਇਸ ਗੱਲੋਂ ਗੁੱਸੇ ਹੋ ਰਹੇ ਹਨ ਕਿ ਮਰਦਮਸ਼ੁਮਾਰੀ ਦਾ ਕੰਮ ਸਰਕਾਰ ਸਕੂਲ ਟਾਈਮ 'ਚ ਨਾ ਕਰਵਾ ਕੇ, ਵੱਖਰੇ ਟਾਈਮ 'ਤੇ ਯਾਨੀ ਛੁੱਟੀ ਤੋਂ ਬਾਅਦ ਕਿਉਂ ਕਰਵਾ ਰਹੀ ਹੈ। ਅਧਿਆਪਕਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦਾ ਫ਼ਿਕਰ ਹੈ ਜਾਂ ਇਸ ਕੰਮ ਲਈ ਵੱਖਰਾ ਟਾਈਮ ਦੇਣ 'ਤੇ ਇਤਰਾਜ। ਉਨ੍ਹਾਂ ਦੇ ਦੋਵੇਂ ਇਤਰਾਜ ਇੱਕੋ ਵੇਲੇ ਸਹੀ ਨਹੀਂ ਹੋ ਸਕਦੇ। ਮੁੱਕਦੀ ਗੱਲ ਇਹ ਕਿ ਇਸ ਮਾਮਲੇ ਵਿਚ ਦੋਹਾਂ ਧਿਰਾਂ ਨੂੰ ਹੀ ਟਕਰਾਅ ਤੋਂ ਬਚਣਾ ਚਾਹੀਦਾ ਹੈ। ਸਰਕਾਰ ਨੂੰ ਇਹ ਕੰਮ ਸਿਰਫ ਅਧਿਆਪਕਾਂ 'ਤੇ ਹੀ ਨਹੀਂ ਥੋਪਣਾ ਚਾਹੀਦਾ। ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ। ਸਾਰੇ ਅਧਿਆਪਕਾਂ ਨੂੰ ਇਹ ਸੇਵਾਵਾਂ ਦੇਣ ਲਈ ਮਜ਼ਬੂਰ ਨਾ ਕੀਤਾ ਜਾਵੇ ਸਗੋਂ ਜਿਹੜੇ ਅਧਿਆਪਕ ਆਪਣੀ ਸਵੈਇੱਛਾ ਨਾਲ ਇਹ ਕੰਮ ਕਰਨ ਲਈ ਰਾਜ਼ੀ ਹਨ ਉਨ੍ਹਾਂ ਤੋਂ ਹੀ ਕਰਵਾਇਆ ਜਾਵੇ ਤੇ ਜਿਹੜੇ ਨਹੀਂ ਕਰਨਾ ਚਾਹੁੰਦੇ ਉਨ੍ਹਾਂ 'ਤੇ ਜ਼ਬਰਦਸਤੀ ਨਾ ਕੀਤੀ ਜਾਵੇ। -ਬਰਾੜ ਪੈਲੇਸ ਦੇ ਪਿੱਛੇ, ਜੈਤੋ 151202ਮੋਬਾ: 94173 33316

Monday, June 7, 2010

ਨੌਜਵਾਨਾਂ ਦੀ ਬੇੜੀ 'ਚ ਵੱਟੇ ਪਾ ਰਹੀ ਹੈ ਅਜੌਕੀ ਗਾਇਕੀ

-ਹਰਮੇਲ ਪਰੀਤ

ਪਿਛਲੇ ਸਾਲ ਮੁਕਤਸਰ 'ਚ ਕੁੱਝ ਮੁੰਡਿਆਂ ਵੱਲੋਂ ਵਿਦਿਆਰਥਣਾਂ ਦੀ ਬੱਸ 'ਤੇ ਹਮਲਾ, ਪਿਛਲੇ ਦਿਨੀਂ ਜੈਤੋ ਨੇੜਲੇ ਪਿੰਡ ਭਗਤੂਆਣਾ ਦੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਛੇੜਖਾਨੀ ਤੇ ਹੁਣੇ ਜਿਹੇ ਅੰਮ੍ਰਿਤਸਰ ਵਿਖੇ ਕੁੜੀਆਂ ਨਾਲ ਛੇੜਖਾਨੀ ਕਰਨੋਂ ਰੋਕਣ 'ਤੇ ਦੋ ਮੁੰਡਿਆਂ ਵੱਲੋਂ ਪੁਲਿਸ ਦੇ ਐਸ ਪੀ 'ਤੇ ਗੋਲੀ ਚਲਾਉਣ ਦੀ ਘਟਨਾ। ਇਨ੍ਹਾਂ ਤਿੰਨਾਂ ਘਟਨਾਵਾਂ ਵਿਚ ਕਾਫੀ ਸਮਾਨਤਾ ਹੈ। ਉਂਜ ਛੇੜਖਾਨੀ ਦੀਆਂ ਇਹ ਕੋਈ ਤਿੰਨ ਹੀ ਘਟਨਾਵਾਂ ਨਹੀਂ ਸਗੋਂ ਹਰ ਦਿਨ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਏਥੇ ਉਦਾਹਰਣ ਵਜੋਂ ਦਰਸਾਈਆਂ ਗਈਆਂ ਇਨ੍ਹਾਂ ਤਿੰਨਾਂ ਘਟਨਾਵਾਂ ਨੂੰ ਓਸੇ ਤਰ੍ਹਾਂ ਅੰਜ਼ਾਮ ਦਿੱਤਾ ਗਿਆ ਜਿਵੇਂ ਅੱਜ ਕੱਲ੍ਹ ਦੇ ਗੀਤਾਂ ਵਿਚ ਦਿਖਾਇਆ ਜਾ ਰਿਹਾ ਹੈ। ਇਸ ਕਰਕੇ ਇਨ੍ਹਾਂ ਘਟਨਾਵਾਂ ਲਈ ਅਸੀਂ ਜੇਕਰ ਸਿਰਫ ਉਨ੍ਹਾਂ ਕੁੱਝ ਸਿਰਫਿਰੇ ਮੁੰਡਿਆਂ ਨੂੰ ਹੀ ਦੋਸ਼ ਦੇਈਏ ਤਾਂ ਅਸੀਂਂ ਅਨਿਆ ਹੀ ਕਰ ਰਹੇ ਹੋਵਾਂਗੇ। ਜੇਕਰ ਮਾਮਲੇ ਦੀ ਜੜ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਵਰਤਾਰੇ ਲਈ ਅਸਲ ਵਿਚ ਸਾਡੀ ਅਜੋਕੀ ਬੇਤੁਕੀ ਗਾਇਕੀ ਅਤੇ ਗੀਤਾਂ ਦਾ ਲੱਚਰ ਤੇ ਭਰਮਾਊ ਫਿਲਮਾਂਕਣ ਵੀ ਜ਼ਿੰਮੇਂਵਾਰ ਹੈ।
ਟੀ.ਵੀ ਚੈਨਲਾਂ ਦੀ ਭਰਮਾਰ ਦੇ ਇਸ ਦੌਰ ਵਿਚ ਬਹੁਤ ਸਾਰੇ ਚੈਨਲ ਸਿਰਫ ਮਨੋਰੰਜਕ ਚੈਨਲ ਹਨ। ਜਿਹੜੇ ਸਾਰਾ ਦਿਨ ਗੀਤ ਸੰਗੀਤ ਹੀ ਦਿਖਾਉਂਦੇ ਹਨ। ਗੀਤ ਦਿਖਾਉਣ ਲੱਗਿਆਂ ਉਹ ਆਪਣੀਆਂ ਸਾਰੀਆਂ ਸਮਾਜਿਕ ਜ਼ਿੰਮੇਂਦਾਰੀਆਂ ਨੂੰ ਵਿਸਾਰ ਦਿੰਦੇ ਹਨ। ਸਿਰਫ ਪੈਸਾ ਕਮਾਉਣਾ ਹੀ ਇੱਕ ਮਾਤਰ ਨਿਸ਼ਾਨਾ ਹੈ, ਗਾਇਕਾਂ ਦਾ ਵੀ, ਕੰਪਨੀਆਂ ਦਾ ਵੀ ਤੇ ਇਨ੍ਹਾਂ ਟੀ. ਵੀ ਚੈਨਲਾਂ ਦਾ ਵੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਗਾਇਕੀ ਜਿਸ ਰਾਹੇ ਪਈ ਹੋਈ ਹੈ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਹਥਿਆਰਾਂ ਤੇ ਹੋਰ ਜ਼ੁਰਮਾਂ ਦੀ ਐਸੀ ਦਲਦਲ ਵਿਚ ਧੱਕਣ ਵਾਲਾ ਹੈ, ਜਿਸ ਵਿਚੋਂ ਬਚਕੇ ਨਿੱਕਲਣਾ ਬਹੁਤ ਮੁਸ਼ਕਿਲ ਹੋਵੇਗਾ ਤੇ ਇਸ 'ਅਣਹੋਣੀ' ਦਾ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਏਗਾ। ਇਸ ਨੁਕਸਾਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪਿਛਲੇ ਦਿਨੀਂ ਓਸੇ ਵੇਲੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕਣ ਲੱਗੀ ਜਦੋਂ ਮੈਂ ਰਾਹ ਜਾਂਦੇ ਇੱਕ 7-8 ਸਾਲ ਦੀ ਕੁੜੀ ਨੂੰ ਮਿਸ ਪੂਜਾ ਦਾ ਗੀਤ 'ਬਾਜੀ ਲੈ ਗਿਆ ਬਠਿੰਡੇ ਵਾਲਾ ਗੱਭਰੂ… . . 'ਗੁਣ ਗੁਣਾਉਂਦਿਆਂ ਸੁਣਿਆਂ। ਮੈਂ ਸੋਚ ਰਿਹਾ ਸੀ ਕਿ ਭਵਿੱਖ ਵਿੱਚ ਅਜਿਹੇ ਗੀਤ ਸੁਣ-ਸੁਣ ਜਵਾਨ ਹੋਣ ਵਾਲੀ ਉਸ ਕੁੜੀ ਦੀ ਸੋਚ ਭਲਾਂ ਕਿਹੜਾ ਰੁਖ਼ ਅਖ਼ਤਿਆਰ ਕਰੇਗੀ?
ਆਟੇ 'ਚ ਲੂਣ ਵਰਗੇ 2-3 ਫੀਸਦੀ ਚੰਗੇ ਗੀਤਾਂ ਨੂੰ ਛੱਡ ਕੇ ਬਾਕੀ ਸਭ ਗੀਤ ਪਤਾ ਨਹੀਂ ਅਣਜਾਣੇ ਜਾਂ ਕਿਸੇ ਖਾਸ ਸਾਜਿਸ਼ ਤਹਿਤ ਉਪਭੋਗਤਾਵਾਦ, ਨਸ਼ਿਆਂ, ਹਥਿਆਰਾਂ ਤੇ ਹੋਰ ਜਹਾਨ ਭਰ ਦੀਆਂ ਮਾੜੀਆਂ ਆਦਤਾਂ ਨੂੰ ਜੀਵਨ ਦਾ ਜ਼ਰੂਰੀ ਪਹਿਲੂ ਬਣਾ ਕੇ ਪੇਸ਼ ਕਰ ਰਹੇ ਹਨ। ਆਖ਼ਰ ਘਰਦਿਆਂ ਤੋਂ ਚੋਰੀ ਅੱਧੀ ਰਾਤ ਨੂੰ ਮੁੰਡੇ ਕੁੜੀਆਂ ਨੂੰ ਮਿਲਣ ਦੀਆਂ ਤਰਕੀਬਾਂ ਦੱਸਦੇ, ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮਿਲਣ ਦਾ ਗੁਰ ਸਮਝਾਉਂਦੇ, ਆਪਸ ਵਿਚ ਵੱਢ-ਵੱਢ ਮਰਨ, ਦਾਰੂ ਪੀ ਕੇ ਲਲਕਾਰੇ ਮਾਰਨ, ਕਿਸੇ ਦੀ ਪਰਵਾਹ ਨਾ ਕਰਨ, ਤਰ੍ਹਾਂ ਤਰ੍ਹਾਂ ਦੇ ਮੋਟਰਸਾਈਕਲ/ ਮੋਬਾਈਲ ਖਰੀਦਣ ਦਾ ਪ੍ਰਚਾਰ ਕਰਦੇ, ਕਿਸੇ ਵੱਢੇ ਛੋਟੇ, ਸਮਾਜ ਜਾਂ ਕਾਨੂੰਨ ਦੀ ਪ੍ਰਵਾਹ ਨਾ ਕਰਨ ਦੀ ਸਿੱਖਿਆ ਦਿੰਦੇ ਇਹ ਗੀਤ ਭਲਾ ਪੰਜਾਬੀ ਨੌਜਵਾਨੀ ਨੂੰ ਕਿਸ ਪਾਸੇ ਲੈ ਜਾ ਰਹੇ ਹਨ। ਇਹ ਸਮਝਣਾ ਔਖਾ ਨਹੀਂ।
ਜਦੋਂ ਅਸੀਂ ਅਜਿਹੇ ਗੀਤਾਂ 'ਤੇ ਕਿੰਤੂ ਕਰਦੇ ਹਾਂ ਤਾਂ ਸਾਡਾ ਮਤਲਬ ਜ਼ਿੰਦਗੀ 'ਚੋਂ ਰੁਮਾਂਸ ਨੂੰ ਮਨਫੀ ਕਰਨਾ ਕਤੱਈ ਨਹੀਂ ਹੁੰਦਾ। ਨਾ ਹੀ ਅਸੀਂ ਸਾਫ ਸੁਥਰੇ ਰੁਮਾਂਟਿਕ ਗੀਤਾਂ ਦੀ ਮੁਖ਼ਾਲਫਿਤ ਕਰ ਰਹੇ ਹੁੰਦੇ ਹਾਂ। ਸਗੋਂ ਅਸੀਂ ਤਾਂ ਗਾਇਕੀ ਵਿਚ ਰੁਮਾਂਸ ਦੇ ਨਾਂਅ 'ਤੇ ਪਰੋਸੀ ਜਾ ਰਹੀ ਅਸ਼ਲੀਤਾ ਤੇ ਬੇ-ਹਯਾਈ ਵਿਰੁੱਧ ਜੰਗ ਦਾ ਐਲਾਨ ਕਰਦੇ ਹਾਂ। ਹੈਰਾਨੀ ਤਾਂ ਓਦੋਂ ਹੁੰਦੀ ਹੈ ਜਦੋਂ ਪੰਜਾਬੀ ਸੱਭਿਆਚਾਰ ਨੂੰ ਗੰਧਲਾ ਕਰਨ ਵਾਲੇ ਇਹ ਗਾਇਕ ਹਿੱਕ ਠੋਕ ਕੇ ਆਪਣੀਆਂ ਇਹਨਾਂ ਕਰਤੂਤਾਂ ਦਾ ਠੀਕਰਾ ਨੌਜਵਾਨ ਪੀੜ੍ਹੀ ਜਾਂ ਸੁਣਨ ਵਾਲਿਆਂ ਦੇ ਸਿਰ ਭੰਨਕੇ ਆਪਣੇ ਆਪ ਨੂੰ ਬਰੀ ਕਰ ਲੈਂਦੇ ਹਨ। ਓਪਰੀ ਨਜ਼ਰੇ ਇਹ ਗੱਲ ਦਰੁਸਤ ਲੱਗਦੀ ਹੈ, ਪਰ ਇਸ ਨੂੰ ਹੋਰ ਡੂੰਘਾਈ ਨਾਲ ਘੋਖਣ ਦੀ ਲੋੜ ਹੈ। ਇਹ ਠੀਕ ਹੈ ਕਿ ਅੱਲ੍ਹੜ ਵਰੇਸ ਜਾਂ ਜੋਬਨ ਰੁੱਤੇ ਵਰਜਿਤ ਫਲ ਖਾਣ ਦੀ ਇੱਛਾ ਤੀਬਰ ਹੁੰਦੀ ਹੈ। ਪਰ ਗਾਇਕਾਂ ਦਾ ਕੰਮ ਇਹ ਨਹੀਂ ਕਿ ਉਹ ਬਲਦੀ ਉਤੇ ਤੇਲ ਪਾ ਕੇ ਨੌਜਵਾਨੀ ਨੂੰ ਤਬਾਹੀ ਦੇ ਰਾਹ ਤੋਰ ਦੇਣ। ਸਗੋਂ ਲਾਲ ਚੰਦ ਯਮਲਾ ਜੱਟ ਵਾਂਗ, 'ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਂਗਾ, ਓਨੇ ਲਵੇਂਗਾ ਨਜ਼ਾਰੇ ਜਿੰਨਾ ਰੁੱਕ ਜਾਵੇਂਗਾ।' ਵਰਗੇ ਗੀਤਾਂ ਨਾਲ ਠੀਕ ਰਾਹ ਤੋਰਨ ਦਾ ਤਰੱਦਦ ਕਰਨਾ ਚਾਹੀਦਾ ਹੈ। ਪਰ ਅੱਜ ਪੰਜਾਬ ਦੀ ਧਰਤੀ 'ਤੇ ਗਾਇਕਾਂ ਦੀ ਜਿਹੜੀ ਹੇੜ੍ਹ ਤੁਰੀ ਫਿਰਦੀ ਹੈ, ਉਹਦੇ ਵਿੱਚੋਂ ਕਿੰਨੇ ਕੁ ਫ਼ਨਕਾਰ ਕਹਾਉਣ ਦੇ ਹੱਕਦਾਰ ਹਨ, ਅਸੀਂ ਸਭ ਜਾਣਦੇ ਹਾਂ ਤੇ ਉਹ ਆਪ ਵੀ ਚੰਗੀ ਤਰ੍ਹਾਂ ਆਪਣੀ ਔਕਾਤ ਤੋਂ ਜਾਣੂੰ ਹਨ।
ਵਰਤਮਾਨ ਪੰਜਾਬੀ ਗਾਇਕੀ ਨੇ ਨੌਜਵਾਨਾਂ ਨੂੰ ਸਮਾਜ, ਸਮਾਜਿਕ ਸਮੱਸਿਆਵਾਂ, ਲੋਕਾਂ ਦੇ ਦੁੱਖ ਸੁੱਖ ਬਾਰੇ ਸੋਚਣ ਦੇ ਸਮਰੱਥ ਨਹੀ ਰਹਿਣ ਦਿੱਤਾ। ਸਗੋਂ ਉਨ੍ਹਾਂ ਨੂੰ ਅਪਰਾਧੀ ਬਣਾਉਣ ਵਿਚ ਵੱਡੀ ਭੁਮਿਕਾ ਨਿਭਾਈ ਹੈ। ਕਾਲਜਾਂ ਦੀ ਮਿੱਟੀ ਪਲੀਤ ਕਰਨ ਤੋਂ ਬਾਅਦ ਇਨ੍ਹਾਂ ਨੇ ਰਿਸ਼ਤਿਆਂ ਦੀ ਮਿੱਟੀ ਵੀ ਚੰਗੀ ਤਰ੍ਹਾਂ ਪੁੱਟੀ ਹੈ। ਅਮਰ ਅਰਸ਼ੀ ਨਾਂਅ ਦਾ ਇਕ ਗਾਇਕ ਆਪਣੇ ਗੀਤ ਵਿਚ ਅਜਿਹਾ ਕਾਰਨਾਮਾ ਕਰਦਿਆਂ ਆਪਣੀ ਪ੍ਰੇਮਿਕਾ ਦੀ ਮਾਂ ਨਾਲ ਹੀ ਫੋਨ 'ਤੇ ਗੱਲ ਕਰਕੇ ਉਸ ਨਾਲ ਹੀ ਮੁਲਾਕਾਤ ਦਾ ਟਾਈਮ ਤੈਅ ਕਰਦਾ ਹੈ। ਹੋਰ ਵੀ ਅਨੇਕ ਹਨ ਜੇਕਰ ਸਭ ਦਾ ਜ਼ਿਕਰ ਕਰਨ ਬੈਠੀਏ ਤਾਂ ਸੂਚੀ ਬਹੁਤ ਲੰਮੀ ਹੋ ਜਾਣੀ ਹੈ।
ਇਸ ਤਰ੍ਹਾਂ ਦੇ ਗੀਤਾਂ ਨੂੰ ਪ੍ਰਮੋਟ ਕਰਨ ਵਿਚ ਸਿਰਫ ਨਿੱਜੀ ਚੈਨਲ ਹੀ ਪੇਸ਼ ਪੇਸ਼ ਨਹੀਂ, ਸਗੋਂ ਦੂਰਦਰਸ਼ਨ ਵੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਦੂਰਦਰਸ਼ਨ ਦੇ ਪ੍ਰਾਯੋਜਤ ਪ੍ਰੋਗਰਾਮਾਂ ਵਿਚ ਵੀ ਅਜਿਹੇ ਹੀ ਗੀਤਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਹਾਲਤ 'ਇੱਕ ਨੂੰ ਕੀ ਰੋਨੀ ਆ, ਊਤ ਗਿਆ ਆਵਾ' ਵਾਲੀ ਬਣੀ ਹੋਈ ਹੈ।
ਇਹ ਸਮਾਜ ਦੇ ਚੇਤਨ ਵਰਗ ਲਈ ਸੋਚਣ ਦਾ, ਸਗੋਂ ਤੁਰੰਤ ਕੁੱਝ ਕਰਨ ਦਾ ਮੌਕਾ ਹੈ। ਪਰ ਦੁੱਖ ਦੀ ਗੱਲ ਹੈ ਕਿ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪੰਜਾਬੀ ਤੇ ਵੱਡੇ ਹੇਜੀਆਂ ਨੇ ਕਦੇ ਇਸ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ। ਕਦੇ ਕਿਸੇ ਸਾਹਿਤ ਸਭਾ, ਲੇਖਕ ਜੱਥੇਬੰਦੀ, ਜਾਂ ਸੱਭਿਆਚਾਰਕ ਸੰਠਗਨ ਨੇ ਇਸ ਗੰਦੀ ਗਾਇਕੀ ਦੇ ਵਿਰੁੱਧ ਕਿਸੇ ਟੀਵੀ ਚੈਨਲ ਸਾਹਮਣੇ ਧਰਨਾ ਨਹੀਂ ਲਾਇਆ, ਮੁਜ਼ਾਹਰਾ ਨਹੀ ਕੀਤਾ। ਕੋਈ ਵਫਦ ਕਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ, ਦੂਰਦਰਸ਼ਨ ਦੇ ਡਾਇਰੈਕਟਰ ਜਾਂ ਹੋਰ ਚੈਨਲਾਂ ਦੇ ਅਧਿਕਾਰੀਆਂ ਨੂੰ ਨਹੀਂ ਮਿਲਿਆ। ਸਗੋਂ ਇਹਦੇ ਐਨ ਉਲਟ ਇਹ ਲੋਕ ਓਸੇ ਬੰਦੇ 'ਤੇ ਉਂਗਲ ਧਰਨ ਲੱਗਦੇ ਹਨ ਜਿਹੜਾ ਮਾੜਾ ਜਿਹਾ ਚੰਗਾ ਕੁੱਝ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੇ ਬੱਬੂ ਮਾਨ ਦੇ ਹਾਲ ਹੀ ਵਿਚ ਕੀਤੇ ਕੁੱਝ ਚੰਗੇ ਤਜ਼ਰਬੇ ਹੋਣ ਜਾਂ ਸਤਿੰਦਰ ਸਰਤਾਜ ਦਾ ਸਾਫ ਸੁਥਰੀ ਗਾਇਕੀ ਦਾ ਉਪਰਾਲਾ। ਉਦਾਹਰਨ ਵਜੋਂ ਸਾਡੇ ਇਨ੍ਹਾਂ ਲੇਖਕਾਂ, ਆਲੋਚਕਾਂ ਨੂੰ ਬੱਬੂ ਮਾਨ ਤੇ ਸਤਿੰਦਰ ਸਰਤਾਜ ਦਾ ਕੀਤਾ ਚੰਗਾ ਕੰਮ ਪਤਾ ਨਹੀ ਕਿਉਂ ਦੁਖੀ ਕਰਦਾ ਹੈ, ਤੇ ਉਹ ਲਗਾਤਾਰ, ਇੱਕ ਮੁਹਿੰਮ ਚਲਾ ਕੇ ਉਸ ਵਿਚ ਮੀਨ ਮੇਖ ਕੱਢਣ ਲੱਗਦੇ ਹਨ। ਪਰ ਇਨ੍ਹਾਂ ਨੂੰ ਮਿਸ ਪੂਜਾ, ਪ੍ਰੀਤ ਬਰਾੜ ਤੇ ਅਜਿਹੇ ਸੈਆਂ ਹੋਰਾਂ ਵੱਲੋਂ ਲਗਾਤਾਰ ਮਾਰਕੀਟ ਵਿਚ ਲਿਆਂਦੇ ਜਾ ਰਹੇ ਮਾੜੇ ਗੀਤ ਚਿੰਤਤ ਨਹੀਂ ਕਰਦੇ।
ਹੁਣ ਸਮਾਂ ਹੈ ਕਿ ਲੋਕ ਜਾਗਣ। ਅਜਿਹੇ ਗਾਇਕਾਂ ਦਾ ਡਟਵਾਂ ਵਿਰੋਧ ਕਰਨ। ਆਲੋਚਕਾਂ ਤੇ ਸਮੀਖਿਅਕਾਂ ਨੂੰ ਬਹੁਤਾ ਚੰਗਾ ਕਰਨ ਵਾਲਿਆਂ ਦੀਆਂ ਛੋਟੀਆਂ ਗਲਤੀਆਂ ਨੂੰ ਉਭਾਰਨ ਤੋਂ ਪਹਿਲਾਂ ਇੱਕ ਅੱਧ ਚੰਗਾ ਗੀਤ ਗਾ ਕੇ, ਗੰਦੀ ਤੇ ਅਸ਼ਲੀਲ ਗਾਇਕੀ ਦਾ ਮੀਂਹ ਵਰਸਾਉਣ ਵਾਲਿਆਂ ਨਾਲ ਨਜਿੱਠਣਾ ਚਾਹੀਦੈ। ਆਮ ਲੋਕ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦਾ ਖਿਆਲ ਕਰਨ। ਨਹੀਂ ਤਾਂ ਪਛਤਾਵੇ ਤੋਂ ਇਲਾਵਾ ਸਾਡੇ ਪੱਲੇ ਕੁੱਝ ਵੀ ਨਹੀਂ ਬਚਣਾ।
ਈ-ਮੇਲ : harmailpreet0gmail.com

ਘਟੀਆ ਗਾਇਕੀ ਵਿਰੁੱਧ ਡਟਣ ਦੀ ਲੋੜ

-ਡਾ. ਦਰਸ਼ਨ ਸਿੰਘ ਬਰਾੜ
ਪਿਛਲੇ ਕੁੱਝ ਅਰਸੇ ਤੋਂ ਪੰਜਾਬੀ ਗੀਤਕਾਰੀ ਦਾ ਪੱਧਰ ਲਗਤਾਰ ਹੇਠਾਂ ਡਿੱਗ ਰਿਹਾ ਹੈ। ਗੀਤਾਂ ਵਿਚ ਵਧਦੀ ਲੱਚਰਤਾ ਤੋਂ ਹਰ ਸੂਝਵਾਨ ਬੰਦਾ ਚਿੰਤਤ ਹੈ। ਖਾਸ ਕਰਕੇ ਕੁੜੀਆਂ ਖਾਸ ਕਰਕੇ ਕਾਲਜ ਪੜ੍ਹਨ ਜਾਂਦੀਆਂ ਸਾਡੀਆ ਧੀਆਂ ਭੈਣਾਂ ਨੂੰ ਇਹ 'ਗੀਤਕਾਰ' ਬੜੀ ਬੇਸ਼ਰਮੀ ਨਾਲ ਜ਼ਲੀਲ ਕਰ ਰਹੇ ਹਨ। ਜਦੋਂ ਕਿ ਅਸਲੀਅਤ ਇਹ ਹੈ ਕਿ ਕਾਲਜਾਂ ਵਿਚ ਪੜ੍ਹਦੇ ਕੁੜੀਆਂ ਮੁੰਡੇ ਸਿਰਫ ਆਸ਼ਕੀ ਕਰਨ ਨਹੀਂ ਜਾਂਦੇ। ਪਰ ਇਹ ਗੀਤਕਾਰ ਅਜਿਹਾ ਚਿੱਕੜ ਸੁੱਟਦੇ ਹਨ ਕਿ ਸੁਣਦਿਆਂ ਵੀ ਸ਼ਰਮ ਆਉਣ ਲੱਗਦੀ ਹੈ। ਉਹ ਲੋਕ ਵੀ ਕਾਲਜਾਂ ਤੇ ਉਥੇ ਪੜ੍ਹਦੇ ਮੁੰਡੇ ਕੁੜੀਆਂ ਬਾਰੇ ਦੁਸ਼ਪ੍ਰਚਾਰ ਕਰ ਰਹੇ ਹਨ ਜਿੰਨ੍ਹਾਂ ਕਦੇ ਕਾਲਜ ਦਾ ਮੂੰਹ ਵੀ ਨਹੀਂ ਦੇਖਿਆ ਹੁੰਦਾ।
ਕਾਲਜ ਪੜ੍ਹਦੇ ਮੁੰਡੇ, ਕੁੜੀਆਂ ਦੇ ਮਾਪੇ, ਅਧਿਆਪਕ ਤੇ ਹੋਰ ਸਮਝਦਾਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਲਜਾਂ ਵਿਚ ਪੜ੍ਹਾਈ ਦਾ ਕਿੰਨਾ ਰੁਝੇਵਾਂ ਹੁੰਦਾ ਹੈ। ਜੇਕਰ ਇੱਕ -ਦੋ ਫੀਸਦੀ ਮੁੰਡੇ ਕੁੜੀਆਂ ਏਹਨਾਂ ਗੀਤਕਾਰਾਂ ਵੱਲੋਂ ਬਿਆਨਿਆ ਜਾ ਰਿਹਾ ਇਸ਼ਕ ਫਰਮਾ ਵੀ ਲੈਂਦੇ ਹੋਣ ਤਾਂ ਉਹ ਬਾਕੀ 98-99 ਫੀਸਦੀ ਨੂੰ ਓਸੇ ਰੱਸੇ ਬੰਨ੍ਹਣਾ ਕਿੱਧਰ ਦੀ ਸਿਆਣਪ ਹੈ। ਏਹ ਇਕ-ਦੋ ਫੀਸਦੀ ਮੁੰਡੇ ਕੁੜੀਆਂ ਸਾਰੇ ਕਾਲਜੀਏਟਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਮੁੱਠੀ ਭਰ ਵਿਦਿਆਰਥੀਆਂ ਦੀਆਂ ਹਰਕਤਾਂ ਨੂੰ ਅਧਾਰ ਬਣਾ ਕੇ ਸਮੁੱਚੇ ਕਾਲਜ ਵਿਦਿਆਰਥੀ ਵਰਗ ਬਾਰੇ ਅਜਿਹੀ ਰਾਇ ਬਣਾ ਲੈਣਾ ਤੇ ਫੇਰ ਗੀਤਾਂ ਰਾਹੀਂ ਇਸ ਦਾ ਪ੍ਰਚਾਰ ਕਰੀ ਜਾਣ ਨਾਲ ਚੰਗੇ ਵਿਦਿਆਰਥੀਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜਾ ਇਹੋ ਜਿਹੇ ਗੀਤ ਸੁਣਨ ਮਗਰੋਂ ਮਾਪੇ ਆਪਣੀਆਂ ਜਵਾਨ ਜਹਾਨ ਧੀਆਂ ਨੂੰ ਕਾਲਜਾਂ 'ਚ ਪੜ੍ਹਨ ਲਈ ਭੇਜਣ ਦਾ ਹੀਆ ਕਿਵੇਂ ਕਰਨਗੇ?
ਸਮੇਂ ਦੀ ਲੋੜ ਹੈ ਕਿ ਕੋਈ ਅਜਿਹਾ ਕਾਨੂੰਨ ਬਣੇ ਜਿਸ ਨਾਲ ਅਜਿਹਾ ਪ੍ਰਦੂਸ਼ਣ ਫੈਲਾਉਣ ਵਾਲੇ ਗੀਤਕਾਰਾਂ, ਗਾਇਕਾਂ, ਕੰਪਨੀਆਂ ਤੇ ਅਜਿਹੇ ਮਾੜੇ ਗੀਤਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਰੇਡੀਓ ਤੇ ਟੀ.ਚੈਨਲਾਂ ਬੰਨ੍ਹ ਸਕੇ।
ਅੱਜਕੱਲ੍ਹ ਟੀਵੀ ਚੈਨਲਾਂ ਤੋਂ ਬਾਅਦ ਰੇਡੀਓ ਸਟੇਸ਼ਨ ਵੀ ਅਜਿਹੇ ਘਟੀਆ ਪੱਧਰ ਦੇ ਗੀਤ ਪ੍ਰਸਾਰਿਤ ਕਰਨ ਦੇ ਆਹਰ ਵਿਚ ਜੁੱਟ ਗਏ ਹਨ। ਕਦੇ ਵੇਲਾ ਹੁੰਦਾ ਸੀ ਜਦੋਂ ਅਕਾਸ਼ਵਾਣੀ ਕੇਂਦਰਾਂ ਤੋਂ ਸੱਭਿਆਚਾਰਕ, ਪਵਿਰਵਾਰ 'ਚ ਬਹਿਕੇ ਸੁਣੇ ਜਾ ਸਕਣ ਵਾਲੇ ਗੀਤ ਵੱਜਿਆ ਕਰਦੇ ਸਨ। ਜਿੰਨ੍ਹਾਂ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਿਪੁਦਮਲ ਸ਼ੈਲੀ, ਆਸਾ ਸਿੰਘ ਮਸਤਾਨਾ, ਭਾਨ ਸਿੰਘ ਮਾਹੀ, ਜਗਤ ਸਿੰਘ ਜੱਗਾ, ਜਗਮੋਹਨ ਕੌਰ, ਨਰਿੰਦਰ ਬੀਬਾ, ਨਰਿੰਦਰ ਕੌਰ, ਰੇਸ਼ਮਾ, ਬੀਬੀ ਨੂਰਾਂ, ਆਲਮ ਲੋਹਾਰ, ਨੂਰ ਜਹਾਂ, ਸ਼ਮਸ਼ਾਦ ਬੇਗ਼ਮ, ਯਮਲਾ ਜੱਟ ਆਦਿ ਦੇ ਗੀਤ ਵਰਨਣਯੋਗ ਸਨ। ਇਸ ਤੋਂ ਇਲਾਵਾ ਢਾਡੀ ਲੋਕ ਗਾਥਾਵਾਂ, ਢਾਡੀਵਾਰਾਂ ਤੇ ਕਵੀਸ਼ਰੀ ਨੂੰ ਨਿਸ਼ਚਿਤ ਅਨੁਪਾਤ ਵਿਚ ਸੁਣਾਈਆ ਜਾਂਦੀਆਂ ਸਨ।
ਪਰ ਅੱਜਕੱਲ੍ਹ ਤਾਂ ਰੇਡੀਓ ਸਟੇਸ਼ਨ ਚਾਹੇ ਉਹ ਸਰਕਾਰੀ ਹੋਣ ਜਾਂ ਪ੍ਰਾਈਵੇਟ, ਸਭ ਪੱਛਮੀ ਸੱਭਿਅਤਾ ਦੇ ਰੰਗ ਵਿਚ ਰੰਗੇ ਨਜ਼ਰ ਆਉਂਦੇ ਹਨ। ਵਿਆਹਾ ਮੌਕੇ ਮੈਰਿਜ ਪੈਲੇਸਾਂ ਵਿਚ ਚਲਦੇ ਲੱਚਰ ਗੀਤਾਂ ਨੇ ਹੁਣ ਰੇਡੀਓ ਸਟੇਸ਼ਨਾਂ ਤੱਕ ਦਾ ਸਫਰ ਤੈਅ ਕਰ ਲਿਆ ਹੈ, ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਭਾਵੇਂ ਏੇਸ ਕਾਰਨ ਇਹ ਸਮਝਿਆ ਜਾ ਸਕਦਾ ਹੈ ਕਿ ਨਵੇਂ ਪੋਚ ਦੇ ਰੇਡੀਓ ਅਨਾਉਂਸਰ ਆਪਣੇ ਪੁਰਾਣੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਅਣਜਾਣ ਹਨ। ਪਰ ਰੇਡੀਓ ਵਰਗੇ ਲੋਕ ਅਦਾਰੇ ਤੋਂ ਸਿਫਰ ਮਿਆਰੀ, ਪਰਵਾਰ 'ਚ ਬੈਠ ਕੇ ਸੁਣੇ ਜਾ ਸਕਣ ਵਾਲੇ ਗੀਤ ਹੀ ਵੱਜਣ ਇਹ ਯਕੀਨੀ ਬਣਾਉਣਾ ਅਧਿਕਾਰੀਆ ਦੀ ਜਿੰਮੇਂਵਾਰੀ ਹੈ।
ਕਿਸੇ ਐੱਫ ਐੱਮ ਚੈਨਲ ਤੋਂ ਤੇਜ਼ਤਾਰ ਫਟਾਫਟ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਦਾ ਮਿਲਗੋਭਾ ਕਰਕੇ ਬੋਲ ਰਹੀ ਕਿਸੇ ਅਨਾਉਂਸਰ ਨੂੰ ਪੁੱਛ ਕੇ ਵੇਖ ਲਵੋ ਕਿ ਰਿਪੂਦਮਨ ਸ਼ੈਲੀ ਕੌਣ ਸੀ? ਉਹ ਨਹੀਂ ਦੱਸ ਸਕੇਗੀ ਕਿ ਰਿਪੁਦਮਨ ਸ਼ੈਲੀ ਪੰਜਾਬੀ ਸੱਭਿਆਚਾਰਕ ਗੀਤ ਗਾਉਣ ਵਾਲੀ ਮਾਸੂਮੀਅਤ ਭਰੀ ਆਵਾਜ਼ ਦੀ ਮਾਲਕ ਉਹ ਗਾਇਕਾ ਸੀ ਜਿਸਨੇ ਚਾਰ ਪੰਜ ਦਹਾਕੇ ਪਹਿਲਾਂ ਸੁਰੀਲੇ ਗੀਤ ਪੰਜਾਬੀ ਸੱਭਿਆਚਾਰ ਦੀ ਝੋਲੀ ਪਾਏ। ਜਿਵੇਂ :
* ਕੁੜਤੀ ਮੇਰੀ ਛੀਂਟ ਦੀ ਦੁਪੱਟਾ ਮੇਰਾ ਲਹਿਰੀਆ
* ਮੇਰਾ ਡਿੱਗ ਪਿਆ ਕਿਧਰੇ ਝੁਮਕਾ ਜਲੰਧਰ ਸੈਰ ਕਰੇਂਦੀ ਦਾ
* ਧੇਲਾ ਮੋੜ ਲਿਆਈਂ ਵੇ ਇਕ ਪੈਸਾ...ਆਦਿ।
ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਾਈਵੇਟ ਟੀਵੀ ਚੈਨਲਾਂ ਤੇ ਰੇਡੀਓ ਸਟੇਸ਼ਨਾਂ ਤੋਂ ਪ੍ਰਸਾਰਤ ਪ੍ਰੋਗਰਾਮਾਂ /ਗੀਤਾਂ ਦੇ ਮਿਆਰ ਪ੍ਰਤੀ ਆਪਣੀ ਨੀਂਦ ਤਿਆਗੇ ਅਤੇ ਸਖ਼ਤੀ ਨਾਲ ਮਿਆਰ ਨੂੰ ਕਾਇਮ ਰੱਖਣਾ ਯਕੀਨੀ ਬਣਾਵੇ। ਮੁਕਾਬਲੇ ਦੇ ਨਾਂਅ 'ਤੇ ਆਪਣੀ ਜਿੰਮੇਂਵਾਰੀ ਭੁਲਾ ਕੇ ਪ੍ਰਵਾਈਵੇਟ ਚੈਨਲਾਂ ਵਾਲੇ ਰਾਹ ਪੈ ਨਿੱਕਲੇ ਪ੍ਰਸਾਰ ਭਾਰਤੀ ਦੇ ਰੇਡੀਓ ਤੇ ਟੈਲੀਵਿਯਨ ਚੈਨਲਾਂ ਨੂੰ ਵੀ ਰੋਕਿਆ ਜਾਵੇ।
ਅੱਜ ਲੋੜ ਹੈ ਸਮਾਜ ਦੇ ਸਾਰੇ ਜਾਗ੍ਰਤ ਤਬਕਿਆਂ ਨੂੰ ਕਿ ਉਹ ਵੱਖ ਵੱਖ ਥਾਈਂ ਫੈਲਾਏ ਜਾ ਰਹੇ ਸੱਭਿਆਚਾਰਕ ਪ੍ਰਦੂਸ਼ਨ, ਮਾੜੇ ਗੀਤਾਂ ਦੇ ਪ੍ਰਚਾਰ ਪ੍ਰਸਾਰ ਨੂੰ ਸੰਜੀਦਗੀ ਨਾਲ ਲੈਣ ਤੇ ਇਸ ਦੇ ਵਿਰੁੱਧ ਇਕ ਮੁਹਿੰਮ ਖੜ੍ਹੀ ਕਰਨ, ਨਹੀਂ ਤਾਂ ਏਸ ਦੇ ਬਹੁਤ ਹੀ ਮਾੜੇ ਨਤੀਜੇ ਸਾਡੇ ਸਾਹਮਣੇ ਆਉਣਗੇ। ਰਡੀਓ /ਟੀਵੀ ਚੈਨਲਾਂ ਤੋਂ 24 ਘੰਟੇ ਪਰੋਸੀ ਜਾ ਰਹੀ ਲੱਚਰਤਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਹੜੇ ਰਾਹ ਤੋਰੇਗੀ, ਇਹ ਸਮਝਣਾ ਔਖਾ ਨਹੀਂ।
-ਹੈਨੈਮਨ ਹੋਮਿਓਪੈਥਿਕ ਕਲੀਨਿਕ,
ਬਠਿੰਡਾ।