ਦੇਸ਼ ਦੀ ਆਰਿਥਕ ਰਾਜਧਾਨੀ ਮੁੰਬਈ 'ਤੇ ਅੱਤਵਾਦੀ ਹਮਲਾ ਸਾਰੇ ਦੇਸ਼ ਲਈ ਬੇਹੱਦ ਦੁਖਦਾਇਕ ਹੈ। ਬੁੱਧਵਾਰ (26 ਨਵੰਬਰ) ਦੀ ਰਾਤ ਨੂੰ ਜਿਸ ਤਰ੍ਹਾਂ ਦਹਿਸ਼ਗਰਦਾਂ ਨੇ ਸੱਤ ਥਾਈਂ ਗੋਲੀਬਾਰੀ ਕੀਤੀ ਅਤੇ ਤਿੰਨ ਥਾਵਾਂ ਤਾਜ ਹੋਟਲ, ਹੋਟਲ ਅਬਰਾਏ ਤੇ ਨਰੀਮਨ ਹਾਊਸ ਵਿਖੇ ਲੋਕਾਂ ਖਾਸ ਕਰਕੇ ਵਿਦੇਸ਼ੀ ਨਾਗਰਿਕਾਂ ਨੂੰ ਯਰਗਮਾਲ ਬਣਾਇਆ, ਓਸ ਨੇ ਸਾਡੇ ਰਾਜਨੀਤਕ ਤੇ ਖੁਫੀਆ ਤੰਤਰ ਦੇ ਮੂੰਹ 'ਤੇ ਕਾਲਖ ਮਲ ਦਿੱਤੀ ਹੈ। ਤਾਜ ਹੋਟਲ ਵਿੱਚ ਜੇਕਰ ਦਹਿਸ਼ਤਗਰਦ ਕੋਈ 60 ਘੰਟਿਆਂ ਤੱਕ ਕਮਾਂਡੋਜ਼ ਦਾ ਮੁਕਾਬਲਾ ਕਰਦੇ ਹਨ ਤਾਂ ਹਰ ਕੋਈ ਸਮਝ ਸਕਦਾ ਹੈ ਕਿ ਹਮਲਾ ਕਿੰਨਾ ਯੋਜਨਾਬੱਧ ਸੀ ਤੇ ਕਿੰਨੀ ਤਿਆਰੀ ਨਾਲ ਕੀਤਾ ਗਿਆ ਹੋਵੇਗਾ। ਮੁੰਬਈ ਦੀ ਪੁਸਿਲ ਤਾਂ ਏਸ ਨਾਲ ਨਜਿੱਠਣ ਦੇ ਕਾਬਲ ਹੀ ਨਹੀਂ ਸੀ। ਹਮਲੇ ਵਿਚੱ ਅੱਤਵਾਦ ਨਿਰੋਧਕ ਦਸਤੇ ਦੇ ਮੁਖੀ ਹੇਮੰਤ ਕਰਕਰੇ, ਇਨਕਾਉਂਟਰ ਮਾਹਿਰ ਵਿਜੇ ਸਲਾਸਕਰ ਅਤੇ ਇੱਕ ਹੋਰ ਸੀਨੀਅਰ ਪੁਲਸ ਅਧਿਕਾਰੀ ਅਸ਼ੋਕ ਕਾਮਤੇ ਸਹਿਤ 20 ਪੁਲਸ ਮੁਲਾਜ਼ਮਾਂ, ਐਨ.ਐੱਸ.ਜੀ ਦੇ ਮੇਜਰ ਸੰਦੀਪ ਉਨੀਕਰਿਸ਼ਣਨ ਸਮੇਤ ਦੋ ਕਮਾਂਡੋ ਸ਼ਹੀਦ ਹੋਏ, ਏਸ ਹਮਲੇ 'ਚ 20 ਵਿਦੇਸ਼ੀ ਨਾਗਰਿਕਾਂ ਸਮੇਤ ਕੋਈ 183 ਤੋਂ ਜ਼ਿਆਦਾ ਲੋਕ ਮਾਰੇ ਗਏ।
ਦੇਸ਼ ਵਿੱਚ ਦਹਿਸ਼ਤਗਰਦੀ ਦੀ ਏਹ ਕੋਈ ਪਹਿਲੀ ਘਟਨਾ ਨਹੀਂ, ਪਰ ਏਸ ਤਰ੍ਹਾਂ ਦਾ ਹਮਲਾ ਪਹਿਲੀ ਵਾਰ ਕੀਤਾ ਗਿਆ ਹੈ।ਏਸ ਹਮਲੇ ਨਾਲ ਲੋਕਾਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ।ਦਹਿਸ਼ਤਗਰਦਾਂ ਨੇ ਦਰਸਾ ਦਿੱਤਾ ਹੈ ਕਿ ਉਹ ਜੋ ਚਾਹੁੰਣ ਕਰ ਸਕਦੇ ਹਨ, ਜਿੱਥੇ ਚਾਹੁੰਣ ਹਮਲਾ ਕਰ ਸਕਦੇ ਹਨ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਏਸ ਹਮਲੇ ਵਿੱਚ ਪਾਕਿਸਤਾਨੀ ਤੱਤਾਂ ਦਾ ਹੱਥ ਹੈ, ਅੱਤਵਾਦੀ ਸੰਗਠਨ ਲਸ਼ਕਰ-ਇ-ਤੈਬਾ ਦਾ ਨਾਂਅ ਲਿਆ ਜਾ ਰਿਹਾ ਹੈ।ਹਾਲਾਂਕਿ ਖ਼ਬਰਾਂ ਮੁਤਾਬਿਕ ਲਸ਼ਕਰ-ਇ-ਤੈਬਾ ਨੇ ਏਸ ਹਮਲੇ 'ਚ ਕੋਈ ਹੱਥ ਹੋਣ ਤੋਂ ਇਨਕਾਰ ਕੀਤਾ ਹੈ।ਅਤੇ ਕਿਸੇ ਡੇਕਨ ਮੁਜ਼ਾਹਿਦੀਨ ਨਾਂਅ ਅੱਤਵਾਦੀ ਸੰਗਠਨ ਨੇ ਏਸ ਹਮਲੇ ਦੀ ਜਿੰਮੇਂਵਾਰੀ ਓਟੀ ਹੈ। ਪਰ ਭਾਰਤੀ ਧਿਰ ਦਾ ਕਹਿਣਾ ਹੈ ਕਿ ਓਸ ਕੋਲ ਸਬੂਤ ਹਨ ਕਿ ਏਹ ਕਾਰਾ ਲਸ਼ਕਰ-ਇ-ਤੈਬਾ ਦਾ ਹੈ। ਭਾਰਤ ਸਰਕਾਰ ਨੇ ਏਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਸਖ਼ਤੀ ਨਾਲ ਉਠਾਇਆ ਹੈ, ਅਤੇ ਆਪਣੀ ਧਰਤੀ ਤੋਂ ਭਾਰਤ ਖਿਲਾਫ਼ ਅਜਿਹੀਆ ਕਾਰਵਾਈਆਂ ਕਰਨ ਵਾਲਿਆਂ ਨੂੰ ਖਤਮ ਕਰਨ ਬਾਰੇ ਕੀਤਾ ਆਪਣਾ ਵਾਅਦਾ ਪੂਰਾ ਕਰਨ ਲਈ ਆਖਿਆ ਹੈ।
ਏਸ ਦਹਿਸ਼ਤਗਰਦ ਹਮਲੇ ਨੇ ਭਾਰਤ ਦੀ ਅੰਦਰੂਨੀ ਤੇ ਸਮੁੰਦਰ ਸਰਹੱਦ ਦੀ ਸਰਖਿਆ, ਖੁਫ਼ੀਆ ਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ। ਹੁਣ ਤੱਕ ਜੋ ਜਾਣਕਾਰੀ ਨਿੱਕਲ ਕੇ ਆਈ ਹੈ, ਓਸ ਮੁਤਾਬਿਕ ਦਹਿਸ਼ਤਗਰਦੀ ਏਸ ਹਮਲੇ ਲਈ ਲੰਮੇਂ ਅਰਸੇ ਤੋਂ ਤਿਆਰੀ ਕਰ ਰਹੇ ਸੀ, ਤਾਜ ਤੇ ਓਬਰਾਏ ਹੋਟਲਾਂ 'ਚ ਪਹਿਲਾਂ ਤੋਂ ਦਹਿਸ਼ਗਰਦ ਅੱਡੇ ਜਮਾ ਚੁੱਕੇ ਸਨ। ਸਵਾਲ ਕਈ ਹਨ। ਤੇ ਹਰੇਕ ਦਾ ਜਵਾਬ ਬਹੁਤ ਹੀ ਲਾਜ਼ਮੀ ਹੈ। ਕਿੱਥੇ ਸੀ ਸਾਡਾ ਖੁਫ਼ੀਆ ਤੰਤਰ? ਕਈ ਵਾਰ ਬੰਬ ਧਮਾਕਿਆਂ ਦੇ ਬਾਵਜ਼ੂਦ ਕਿਉਂ ਨਹੀਂ ਜਾਗੀ ਮੁੰਬਈ ਪੁਲਸ? ਅਤੇ ਕਦੋਂ ਤੱਕ ਸੁੱਤੀ ਰਹੇਗੀ ਸਰਕਾਰ?
ਏਸ ਹਮਲੇ ਲਈ ਪਾਕਿਸਤਾਨ 'ਤੇ ਦੋਸ਼ ਲਾ ਕੇ ਹੀ ਸਰਕਾਰ ਦਾ ਕੰਮ ਖ਼ਤਮ ਨਹੀਂ ਹੋ ਜਾਂਦਾ। ਸਾਡੀ ਸਰਕਾਰ ਵੀ ਦੇਸ਼ ਅੰਦਰ ਦਹਿਸ਼ਗਰਦੀ ਨੂੰ ਖਤਮ ਕਰਨ ਲਈ ਕਿੰਨੀ ਕੁ ਦ੍ਰਿੜ ਹੈ, ਸਭ ਨੂੰ ਪਤਾ ਲੱਗ ਗਿਆ ਹੈ। ਜੇਕਰ ਏਸ ਹਮਲੇ ਦੀ ਜੜ੍ਹ ਪਾਕਿਸਾਨ 'ਚ ਵੀ ਹੈ, ਦਹਿਸ਼ਤਗਰਦ ਪਾਕਿਸਾਨੀ ਵੀ ਹੋਣ, ਤਾਂ ਵੀ ਏਸ ਗੱਲੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਦੇ ਨਾਲ ਸਥਾਨਕ ਲੋਕ ਵੀ ਮਿਲੇ ਹੋਏ ਹਨ। ਜਦੋਂ ਅੱਤਵਾਦੀ ਏਨਾ ਅਸਲਾ ਹੋਟਲਾਂ 'ਚ ਜ਼ਮਾਂ ਕਰ ਰਹੇ ਸਨ ਜਿਸ ਨਾਲ 5000ਲੋਕ ਮਾਰੇ ਜਾ ਸਕਦੇ ਸਨ, ਜਿਸ ਨਾਲ ਓਹ 60ਘੰਟੇ ਕਮਾਂਡੋਜ਼ ਨਾਲ ਲੜ੍ਹ ਸਕਦੇ ਹਨ, ਓਦੋਂ ਹੋਟਲਾਂ ਦਾ ਨਿੱਜੀ ਸਰੱਖਿਆ ਅਮਲਾ ਕੀ ਕਰ ਰਿਹਾ ਸੀ? ਇਹ ਵੀ ਸਵਾਲ ਹੈ। ਹੋਰ ਕੌਣ ਕੌਣ ਏਹਨਾ ਦਹਿਸ਼ਤਗਰਦਾਂ ਨਾਲ ਮਿਲਿਆ ਹੋਇਆ ਸੀ, ਏਸ ਦੀ ਜਾਂਚ ਬਾਰੀਕੀ ਤੇ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ।
ਏਸ ਪੂਰੇ ਮਾਮਲੇ ਵਿੱਚ ਸਰਕਾਰ ਤੇ ਖੁਫ਼ੀਆ ਤੰਤਰ ਤੋਂ ਬਾਅਦ ਸਭ ਤੋਂ ਜ਼ਿਆਦਾ ਅਫਸੋਸਨਾਕ ਕਾਰਗੁਜ਼ਾਰੀ ਰਹੀ ਭਾਰਤੀ ਨਿਊਜ਼ ਚੈਲਨਾਂ ਦੀ। ਜਿੰਨ੍ਹਾਂ ਦਾ ਰਵੱਈਆ ਬੇਹੱਦ ਨਾ ਸਿਰਫ ਗੈ਼ਰਜਿੰਮੇਂਵਾਰਾਨਾ ਰਿਹਾ।ਏਹਨਾਂ ਚੈਨਲਾਂ ਦੇ ਪੱਤਰਕਾਰ ਏਸ ਪੂਰੇ ਘਟਨਾਕ੍ਰਮ ਨੂੰ ਕਿਸੇ ਤਮਾਸ਼ੇ ਵਾਂਗ ਲੈ ਰਹੇ ਸਨ। ਇਹ ਸੋਚਿਆ ਈ ਨਹੀਂ ਗਿਆ ਕਿ ਹੋਟਲਾਂ ਦੇ ਬਾਹਰ ਕਮਾਂਡੋਜ਼ ਦੀ ਨਕਲ-ਓ-ਹਰਕਤ ਨੁੰ ਲਾਈਵ ਦਿਖ਼ਾ ਦੇਣ ਦਾ ਫਾਇਦਾ ਅੰਦਰੋਂ ਲੜ੍ਹ ਰਹੇ ਦਹਿਸ਼ਤਗਰਦਾਂ ਨੂੰ ਹੋਣ ਸਕਦਾ ਹੈ ਅਤੇ ਬਾਹਰ ਕਮਾਡੋਜ਼ ਦੀ ਇਕਾਗਰਤਾ ਭੰਗ ਹੋ ਸਕਦੀ ਹੈ। ਸਭ ਨੂੰ ਬੱਸ ਖ਼ਬਰ ਚਾਹੀਦੀ ਸੀ, ਇੱਕ ਦੂਜੇ ਤੋਂ ਪਹਿਲਾਂ, ਕਿਸੇ ਵੀ ਕੀਮਤ 'ਤੇ।ਦਹਿਸ਼ਗਰਦਾਂ ਦੇ ਚੁੰਗਲ 'ਚੋਂ ਬਚ ਕੇ ਆਉਣ ਵਾਲਿਆਂ ਦੇ ਮੂੰਹ 'ਮਾਈਕ ਤੁੰਨਣ ਤੱਕ ਜਾਣਾ ਕਿੱਥੋਂ ਦੀ ਦਿਆਨਤਦਾਰੀ ਹੈ?
ਏਸ ਪੂਰੇ ਘਟਨਾਕ੍ਰਮ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਏਹ ਹਮਲਾ ਭਾਰਤ ਪਾਕਿਸਾਨ ਸਬੰਧਾਂ 'ਤੇ ਕੀ ਅਤੇ ਕਿੰਨਾ ਅਸਰ ਪਾਵੇਗਾ? ਪਾਕਿਸਤਾਨ ਅੰਦਰ ਆਈ ਨਵੀਂ ਸਰਕਾਰ ਨਾਲ ਬਣ ਰਹੀ ਸਮਝਦਾਰੀ, ਵਿਸ਼ਵਾਸ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਕੀ ਠੱਪ ਕਰ ਦਿੱਤਾ ਜਾਵੇਗਾ? ਅਤੇ ਕੀ ਅਜਿਹਾ ਕਰਨਾ ਚਾਹੀਦੈ?
ਅਸੀਂ ਜਾਣਦੇ ਹਾਂ ਕਿ ਦੋਹਾਂ ਦੇਸ਼ਾਂ ਦੇ ਲੋਕ ਮਿਲਕੇ ਰਹਿਣ ਦੇ ਇੱਛਕ ਹਨ। ਦੋਸਤੀ ਤੇ ਸਦਭਾਵਨਾ ਚਾਹੁੰਦੇ ਹਨ। ਪਰ ਕੁੱਝ ਤਾਕਤਾਂ ਨੂੰ ਏਹ ਗਵਾਰਾ ਨਹੀਂ। ਏਸ ਲਈ ਜਦੋਂ ਜਦੋਂ ਵੀ ਦੋਹੇਂ ਮੁਲਕਾਂ ਦੀਆਂ ਸਰਕਾਰਾਂ ਵਿਚ ਸਬੰਧ ਚੰਗੇ ਬਣਨ ਲੱਗਦੇ ਹਨ, ਕੁੱਝ ਕਦਮ ਦੋਹਾਂ ਪਾਸਿਆਂ ਤੋਂ ਚੁੱਕੇ ਜਾਣ ਲੱਗਦੇ ਹਨ, ਤਾਂ ਏਹ ਤਾਕਤਾਂ ਆਪਣੀ ਚਾਲ ਚਲਦੀਆਂ ਹਨ ਅਤੇ ਦੋਸਤੀ ਤੇ ਚੰਗੇ ਸਬੰਧਾਂ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਤਾਰ -ਤਾਰ ਕਰ ਦਿੰਦੀਆਂ ਹਨ। ਏਸ ਵਾਰ ਵੀ ਅਜਿਹਾ ਹੀ ਹੋਇਆ ਹੈ। ਪਰ ਕੁੱਝ ਬਦਲਾਅ ਜ਼ਰੂਰ ਹਨ, ਜੋ ਬਿਨਾਂ ਸ਼ੱਕ ਸਕਾਰਾਤਮਕ ਹਨ। ਭਾਰਤ ਨੇ ਏਸ ਵਾਰ ਸਿੱਧੇ ਸਿੱਧੇ ਪਾਕਿਸਤਾਨ ਸਰਕਾਰ ਨੂੰ ਏਸ ਲਈ ਜਿੰਮੇਂਵਾਰ ਨਾ ਠਹਿਰਾ ਕੇ ਸਿਰਫ ਏਹ ਕਿਹਾ ਹੈ ਕਿ ਏਸ ਹਮਲੇ 'ਚ ਮੁਲੱਵਿਸ ਕੁੱਝ ਤੱਤਾਂ ਦਾ ਸਬੰਧ ਪਾਕਿਸਾਨ ਨਾਲ ਹੈ। ਦੂਜੇ ਪਾਸੇ ਪਾਕਿਸਾਨ ਦਾ ਰੱਦੇ ਅਮਲ ਵੀ ਬਹੁਤ ਸੰਤੁਲਿਤ ਰਿਹਾ ਹੈ। ਓਥੋਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਏਹ ਸਵੀਕਾਰ ਕੀਤਾ ਹੇ, ਕਿ ਕੁੱਝ ਤਾਕਤਾਂ ਅਜਿਹੀਆਂ ਹਨ ਜੋ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਬਣਦੇ ਨਹੀਂ ਦੇਖਣਾ ਚਾਹੁੰਦੀਆ ਤੇ ਪਾਕਿਸਾਨ ਸਰਕਾਰ ਨੇ ਏਸ ਪੂਰੇ ਮਾਮਲੇ ਦੀ ਜਾਂਚ ਵਿੱਚ ਪੂਰਨ ਸਹਿਯੋਗ ਦੀ ਯਕੀਨ ਦਿਹਾਨੀ ਕਰਾਈ ਹੈ। ਬਿਨਾਂ ਸ਼ੱਕ ਏਹ ਵੱਡਾ ਬਦਲਾਅ ਹੈ। ਜਨਾਬ ਕਸੂਰੀ ਦਾ ਏਹ ਕਹਿਣਾ ਵਾਜ਼ਬ ਲਗਦਾ ਹੈ ਕਿ ਭਾਰਤ ਅਤੇ ਪਾਕਿਸਾਨ ਦੋਵੇਂ ਦਹਿਸ਼ਤਗਰਦੀ ਨਾਲ ਜੂਝ ਰਹੇ ਹਨ ਏਸ ਲਈ ਦੋਸ਼ ਲਾਉਣ ਦੇ ਮਾਮਲੇ 'ਚ ਬੇਹੱਦ ਸੰਜਮ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ।
ਏਹੀ ਸੱਚ ਹੈ ਕਿ ਦਹਿਸ਼ਤਗਰਦੀ ਦੇ ਵਿਰੁੱਧ ਲੜਾਈ ਵਿਚੱ ਦੋਹਾਂ ਦੇਸ਼ਾਂ ਨੂੰ ਨਾਲ-ਨਾਲ ਚੱਲਣਾ ਹੋਵੇਗਾ। ਪਾਕਿਸਾਨ ਦੀ ਸਥਿੱਤੀ ਤਾਂ ਏਸ ਮਾਮਲੇ 'ਚ ਸਾਡੇ ਨਾਲੋਂ ਵੀ ਕਿਤੇ ਬਦਤਰ ਹੈ। ਓਥੇ ਆਏ ਦਿਨ ਬੰਬ ਫਟਦੇ ਹਨ, ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ।
ਅਜਿਹੇ ਮੌਕੇ ਜੇਕਰ ਦੋਹਾਂ ਵਿੱਚੋਂ ਕੋਈ ਵੀ ਦੇਸ਼ ਪੈਰ ਪਿਛਾਂਹ ਖਿੱਚਦਾ ਹੈ, ਵਿਸ਼ਵਾਸ ਬਹਾਲੀ ਦੇ ਅਮਲ ਤੋਂ ਲਾਂਭੇ ਹੁੰਦਾ ਹੈ, ਤਾਂ ਏਹਦਾ ਮਤਬਲ ਹੋਵੇਗਾ ਕਿ ਅਸੀਂ ਦਹਿਸ਼ਤਗਰਦਾਂ ਦੇ ਨਾਪਾਕ ਇਰਾਦਿਆਂ ਦਾ ਸ਼ਿਕਾਰ ਹੋ ਰਹੇ ਹਾਂ। ਏਹੀ ਤਾਂ ਉਹ ਨਹੀਂ ਚਾਹੁੰਦੇ ਕਿ ਦੋਹੇਂ ਸਰਕਾਰਾਂ ਮਿਲ ਕੇ ਉਹਨਾਂ ਵਿਰੁੱਧ ਜੰਗ ਲੜ੍ਹਨ ਅਤੇ ਅੱਜ ਤੱਕ ਅਸੀਂ ਅਜਿਹਾ ਹੀ ਕਰਦੇ ਆਏ ਹਾਂ। ਏਸ ਵਾਰ ਦੋਹਾਂ ਧਿਰਾਂ ਨੁੰ ਦ੍ਰਿੜਤਾ ਦਿਖਾਉਣੀ ਹੋਵੇਗੀ। ਦੋਹਾਂ ਦੇਸ਼ਾਂ ਦੇ ਸਮੁੱਚੇ ਰਾਜਨੀਤਕ ਦਲਾਂ ਨੂੰ ਰਾਜਨੀਤੀ ਛੱਡ ਕੇ ਸਥਿੱਤੀ ਦੀ ਨਾਜ਼ਕੁਤਾ ਤੇ ਮਹੱਤਵ ਨੂੰ ਸਮਝਣਾ ਪੈਣਾ ਹੈ। ਏਹੀ ਦਹਿਸ਼ਤਗਰਦਾਂ ਨੂੰ ਮੂੰਹਤੋੜ ਜਵਾਬ ਹੋਵੇਗਾ।