ਗੀਤ
ਬੋਲੇ ਨਾ ਬੁਲਾਇਆ ਮਾਹੀ ਰਹੇ ਬੱਸ ਘੂਰਦਾ।
ਮਨ ਮੇਰਾ ਸਈਓ ਨੀ ਹੈ ਏਸੇ ਗੱਲੋਂ ਝੂਰਦਾ।
ਹੱਥੀਂ ਛਾਵਾਂ ਕਰੇ ਮੈਨੂੰ ਸਾਰਾ ਪਰਵਾਰ ਨੀ,
ਧੀਆਂ ਵਾਂਗੂੰ ਸੱਸ ਸਹੁਰਾ ਕਰਦੇ ਨੇ ਪਿਆਰ ਨੀ,
ਪਿਆਰ ਮਿਲਦਾ ਨਾ ਪਰ ਮਾਹੀ ਮਗ਼ਰੂਰ ਦਾ...
ਮਨ ਮੇਰਾ ਸਈਓ ਨੀ...
ਫੋਨ ਸਾਰਾ ਜੱਗ ਜੀਹਨੂੰ ਮਾਪਿਆਂ ਨੇ ਟੋਲਿਆ,
ਦਿਲ ਦੀਆਂ ਸੱਧਰਾਂ ਨੂੰ ਉਹਨੇ ਮਿੱਟੀ ਵਿੱਚ ਰੋਲਿਆ,
ਵਾਸਤਾ ਨਾ ਜਿਵੇਂ ਮੇਰੇ ਨਾਲ ਹੋਵੇ ਕੋਈ ਦੂਰ ਦਾ...
ਮਨ ਮੇਰਾ ਸਈਓ ਨੀ....
ਅੱਥਰੀ ਜਵਾਨੀ ਮੇਰੀ ਹਾਣ ਮੰਗੇ ਹਾਣੀ ਦਾ,
ਲਭਦਾ ਨਾ ਸਿਰਾ ਕੋਈ ਉਲਝੀ ਹੋਈ ਤਾਣੀ ਦਾ,
ਮਾਰੀ ਜਾਂਦਾ ਹੇਰਵਾ ਨੀ ਪਿਆਰ ਦੇ ਸਰੂਰ ਦਾ...
ਮਨ ਮੇਰਾ ਸਈਓ ਨੀ...
ਘਰ ਸਹੁਰਿਆਂ ਦਾ ਲੱਗੇ ਤਾਹੀਂ ਮੈਨੂੰ ਜੇਲ੍ਹ ਨੀ,
ਕੋਲ ਬਹਿਕੇ ਕਰਦਾ ਨਾ ਪਿਆਰ ਹਰਮੇਲ ਨੀ,
ਕਰਦਾ ਖੁਲਾਸਾ ਵੀ ਨਾ ਮੇਰੇ ਉਹ ਕਸੂਰ ਦਾ....
ਮਨ ਮੇਰਾ ਸਈਓ ਨੀ ਹੈ ਏਸੇ ਗੱਲੋਂ ਝੂਰਦਾ।
0 comments:
Post a Comment