Monday, September 7, 2009

ਬਦਲਦੇ ਰਿਸ਼ਤੇ
ਉਹ ਜਦੋਂ ਵੀ ਆਉਂਦਾ ਸੀ, ਉਸ ਦਾ ਬੜਾ ਮਾਣ ਆਦਰ ਕੀਤਾ ਜਾਂਦਾ ਸੀ। ਕਿਉਂਕਿ ਉਹ ਜਦੋਂ ਵੀ ਆਉਂਦਾ ਸੀ, ਕੁੱਝ ਨਾ ਕੁੱਝ ਲੈ ਕੇ ਹੀ ਆਉਂਦਾ ਸੀ। ਕਦੇ ਕਰਮੋ ਖਾਤਰ ਸੂਟ ਤੇ ਕਦੀ ਪਾਲ ਵਾਸਤੇ ਬੂਟ। ਸਾਰੇ ਟੱਬਰ ਨੂੰ ਉਹਦੇ ਆਉਣ ਨਾਲ ਕੁੱਝ ਲੱਭ ਜਾਂਦਾ ਸੀ। ਉਹ ਮਹਿੰਦਰ ਨੂੰ ਅੱਖਾਂ 'ਤੇ ਬਿਠਾਈ ਰੱਖਦੇ।
ਪਰ ਅੱਜ ਮਹਿੰਦਰ ਦਾ ਆਉਣਾ ਸਾਰੇ ਟੱਬਰ ਨੂੰ ਕੌੜੇ ਅੱਕ ਵਾਂਗ ਲੱਗ ਰਿਹਾ ਸੀ। ਪਹਿਲਾਂ ਵਾਂਗ ਸਾਰਾ ਸਾਰੇ ਜੀਅ ਉਹਦੇ ਦੁਆਲੇ ਜੁੜੇ ਕੇ ਨਹੀਂ ਬੈਠੇ ਸਨ। ਕਿਉਂ ਕਿ ਅੱਜ ਉਸ ਨੇ ਆਪਣੀ ਬਿਮਾਰ ਪਤਨੀ ਦੇ ਇਲਾਜ਼ ਲਈ 10 ਕੁ ਹਜ਼ਾਰ ਰੁਪਏ ਉਧਾਰ ਮੰਗੇ ਸਨ।
ਉਹਦਾ ਆਉਣਾ ਪਹਿਲਾਂ ਜਿੱਥੇ ਰੱਬੀ ਰਹਿਮਤ ਵਾਂਗੂੰ ਲਗਦਾ ਸੀ, ਅੱਜ ਸਭ ਨੂੰ ਕੰਡੇ ਵਾਂਗ ਚੁੱਭ ਰਿਹਾ ਸੀ। ਉਹ ਵਿਚਾਰਾ ਬੈਠਕ 'ਚ ਬੈਠਾ ਆਪਣੀ ਬੀਮਾਰ ਪਤਨੀ ਦੇ ਇਲਾਜ਼ ਬਾਰੇ ਸੋਚ ਰਿਹਾ ਸੀ ਤੇ ਦੂਜੇ ਪਾਸੇ ਮੇਜ਼ਬਾਨ ਟੱਬਰ ਚੁੱਲ੍ਹੇ ਮੂਹਰੇ ਬੈਠਾ ਉਸ ਨੂੰ ਦੇਣ ਲਈ ਢੁੱਕਵਾਂ 'ਜਵਾਬ' ਘੜ੍ਹ ਰਿਹਾ ਸੀ।

ਅਸਲੀ ਜੀਵਨ
ਕੋਈ ਸ਼ਰਾਬੀ ਨਾਲੀ ਵਿਚ ਡਿੱਗਿਆ ਪਿਆ ਸੀ। ਉਹਦੇ ਤਨ 'ਤੇ ਪਹਿਨਿਆ ਪੈਂਟ ਕੋਟ ਤੇ ਪੈਰੀਂ ਲਿਸ਼ਕਦੇ ਬੂਟ ਦੱਸ ਰਹੇ ਸਨ ਕਿ ਉਹ ਕਿਸੇ ਖਾਂਦੇ ਪੀਂਦੇ ਘਰੋਂ ਹੈ। ਏਨੇ ਚਿਰ ਨੂੰ ਦੋ ਆਦਮੀਆਂ ਨੇ ਉਸ ਨੂੰ ਉਠਾ ਕੇ ਖੜ੍ਹਾ ਕੀਤਾ।
ਉਸ ਸਖ਼ਸ਼ ਦਾ ਚਿਹਰਾ ਦੇਖ ਕੇ ਮੈਂ ਤਾਂ ਜਿਵੇਂ ਪਥਰਾ ਗਿਆ ਹੋਵਾਂ। ਬੁੱਤ ਬਣਿਆਂ ਕਿੰਨਾ ਚਿਰ ਮੈਂ ਉਹਦੇ ਵੱਲ ਦੇਖਦਾ ਰਿਹਾ। ਕਿਉਂਕਿ ਉਹ ਤਾਂ ਡਾ. ਬਰਾੜ ਸੀ, ਜਿਸ ਦਾ ਸ਼ਹਿਰ ਦੇ ਬੱਸ ਅੱਡੇ 'ਤੇ ਨਸ਼ੇ ਛੁਡਾਉਣ ਦਾ ਕਲੀਨਿਕ ਸੀ।

ਦਹਿਸ਼ਤ
ਜੰਗਲ ਦੇ ਦੋ ਚੀਤੇ ਆਪਸ ਵਿਚ ਕਾਫੀ ਦਿਨਾਂ ਬਾਅਦ ਮਿਲੇ। ਇਕ ਚੀਤੇ ਨੇ ਦੂਜੇ ਨੂੰ ਪੁੱਛਿਆ, ' ਹੁਣ ਤੂੰ ਕਦੇ ਮਾਨਵੀ ਵਾਦੀਆਂ ਵੱਲ ਨਹੀਂ ਜਾਂਦਾ। ਕੀ ਤੈਨੂੰ ਹੁਣ ਆਦਮੀਆਂ ਦਾ ਮਾਸ ਖਾਣਾ ਚੰਗਾ ਨਹੀਂ ਲੱਗਦਾ?'
'ਚੰਗਾ ਤਾਂ ਲਗਦੈ ਭਰਾਵਾਂ, ਪਰ....!' ਦੂਜੇ ਚੀਤੇ ਨੇ ਹਉਕਾ ਲੈ ਕੇ ਕਿਹਾ।
'ਫੇਰ ਜਾਂਦਾ ਕਿਉਂ ਨਹੀਂ?' ਪਹਿਲੇ ਚੀਤੇ ਨੇ ਸਾਵਧਾਨ ਹੁੰਦਿਆਂ ਉਤਸੁਕਤਾ ਨਾਲ ਪੁੱਛਿਆ।
'ਭਰਾਵਾ ! ਓਥੇ ਹੁਣ ਆਪਣੀ ਦਹਿਸ਼ਤ ਨਹੀਂ ਰਹੀ।' ਦੂਜੇ ਚੀਤੇ ਦਾ ਗਲਾ ਭਰ ਆਇਆ।
'ਪਰ ਕਿਉਂ...?' ਪਹਿਲੇ ਚੀਤੇ ਨੇ ਦੂਜੇ ਦੇ ਹੋਰ ਨੇੜੇ ਹੁੰਦਿਆਂ ਪੁੱਛਿਆ।
'ਓਥੋਂ ਦੇ ਲੋਕ ਤਾਂ ਬਈ ਹੁਣ ਸਾਡੇ ਨਾਲੋਂ ਵੀ ਖੂੰ-ਖਾਰ ਹੋ ਗਏ ਨੇ। ਉਹ ਤਾਂ ਆਪ ਈ ਇਕ ਦੂਜੇ ਨੂੰ ਖਾਈ ਜਾਂਦੇ ਹਨ।' ਦੂਜੇ ਚੀਤੇ ਨੇ ਏਨਾ ਕਹਿ ਕੇ ਸਿਰ ਝੁਕਾ ਲਿਆ।


ਫ਼ਰਕ
''ਤੂੰ ਕੁਝ ਸੁਣਿਐਂ?'' ਟਾਹਲੀ 'ਤੇ ਬੈਠੀ ਕਬੂਤਰੀ ਨੇ ਮੈਨਾ ਨੂੰ ਪੁੱਛਿਆ।
''ਨਹੀਂ ਤਾਂ..।'' ਮੈਨਾ ਨੇ ਸਵਾਲੀਆ ਨਜ਼ਰਾਂ ਨਾਲ ਕਿਹਾ।
''ਕਹਿੰਦੇ ਨੇ ਜੰਗਲ ਦੇ ਪੂਰਬ ਵਾਲੇ ਪਾਸੇ ਕਾਵਾਂ ਨੇ ਘੁੱਗੀਆਂ ਦੇ ਆਲ੍ਹਣੇ ਤੀਲਾ-ਤੀਲਾ ਕਰ ਸੁੱਟੇ।'' ਕਬੂਤਰੀ ਨੇ ਦੱਸਿਆ।
''ਘੁੱਗੀਆ ਨੇ ਵੀ ਆਂਹਦੇ ਪੱਛਮ ਵਾਲੇ ਪਾਸੇ ਕਾਵਾਂ ਦੇ ਆਲ੍ਹਣੇ ਤੋੜ ਦਿੱਤੇ ਤੇ ਆਂਡੇ ਭੰਨ ਦਿਤੇ ਨੇ।'' ਕੋਲ ਬੈਠੀ ਬੁਲਬੁਲ ਬੋਲੀ।
''ਨਾ ! ਹੋਰ ਕੀ ਕਰਦੀਆਂ ਉਹ, ਚੁੱਪ ਬੈਠ ਜਾਂਦੀਆਂ!'' ਕਬੂਤਰੀ ਘੁੱਗੀਆਂ ਦੀ ਹਿਮਾਇਤ 'ਤੇ ਸੀ।
''ਅੜੀਏ ! ਫੇਰ ਦੋਹਾਂ ਵਿਚ ਫਰਕ ਤਾਂ ਕੋਈ ਨਾ ਹੋਇਆ ਨਾ!'' ਮੈਲਾ ਏਨਾ ਕਹਿੰਦਿਆਂ ਉਡਾਰੀ ਮਾਰ ਗਈ।


ਮਰਿਯਾਦਾ
ਸੁਖਬੀਰ ਲੰਮੇਂ ਅਰਸੇ ਤੋਂ ਆਪਣੇ ਸ਼ਰਾਬੀ ਪਤੀ ਦਾ ਸਿਤਮ ਆਪਣੇ ਤਨ-ਮਨ 'ਤੇ ਹੰਢਾ ਰਹੀ ਸੀ। ਪਰ ਜ਼ੁਲਮ ਤੇ ਸਬਰ ਦੀ ਵੀ ਇਕ ਹੱਦ ਹੁੰਦੀ ਹੈ। ਜਦ ਜ਼ੁਲਮ ਉਸ ਹੱਦ ਨੂੰ ਪਾਰ ਕਰਦਾ ਹੈ ਤਾਂ ਸਬਰ ਦਾ ਬੰਨ੍ਹ ਵੀ ਸਬੂਤਾ ਨਹੀਂ ਰਹਿੰਦਾ।
ਇਸੇ ਤਰ੍ਹਾਂ ਜਦੋਂ ਰਾਜ ਦੇ ਜ਼ੁਲਮ ਨੇ ਹੱਦੋਂ ਅਗਾਂਹ ਵੱਧਣਾ ਸ਼ੁਰੂ ਕਰ ਦਿੱਤਾ ਤਾਂ ਸੁਖਵੀਰ ਦੇ ਸਬਰ ਨੇ ਵੀ ਤਿੜਕਣਾ ਸ਼ੁਰੂ ਕਰ ਦਿੱਤਾ। ਉਹ ਜ਼ੁਲਮ ਦੇ ਖਿਲਾਫ ਉਠ ਖੜ੍ਹੀ ਹੋਈ ਤਾਂ ਲੋਕ ਮੂੰਹ ਜੋੜ-ਜੋੜ ਗੱਲਾਂ ਕਰਨ ਲੱਗੇ। ਕੋਈ ਕੁੱਝ ਬੋਲਦਾ, ਕੋਈ ਕੁੱਝ। ਬੱਸ ਜੋ ਜਿਸਦੇ ਜੀਅ ਆਉਂਦਾ ਨਿਝੱਕ ਕਹਿ ਦਿੰਦਾ।
''ਰੰਨ ਬਾਹਲੀ ਚਾਂਭਲਗੀ ਸਾਲੀ।''
''ਛਿੱਤਰਾਂ ਵਾਲਾ ਹੈ ਨੀ ਕੋਈ, ਪਤੰਦਰ।''
''ਯਾਰ ਰਾਜ 'ਚ ਈ ਕਣ ਕੰਡਾ ਹੈਨੀ, ਨਹੀਂ ਤਾਂ ਤੀਵੀਂ ਦੀ ਕੀ ਮਜ਼ਾਲ ਆ ਬਈ ਸਾਹ ਵੀ ਕੱਢਜੇ।''
ਜਿੱਥੇ ਵੀ ਚਾਰ ਬੰਦੇ ਜੁੜਦੇ ਇਹੋ-ਕਥਾ ਕਥਾਨਕ ਸ਼ੁਰੂ ਹੋ ਜਾਂਦਾ।
''ਮਿੱਤਰੋ, ਸੌ ਹੱਥ ਰੱਸਾ ਸਿਰੇ 'ਤੇ ਗੰਢ! ਮਰਿਯਾਦਾ ਨਾਂਅ ਦੀ ਤਾਂ ਦੁਨੀਆਂ 'ਤੇ ਕੋਈ ਚੀਜ਼ ਰਹਿ ਹੀ ਨਹੀਂ ਗਈ।'' ਕੋਈ ਹੋਰ ਇਹ ਆਖਕੇ ਦਿਲ ਵੇਧਕ ਇਨ੍ਹਾਂ ਫਿਕਰਿਆਂ ਦੇ ਜਾਪ ਨੂੰ ਸੰਪੰਨ ਕਰਦਾ।
ਔਰਤ ਹਮੇਸ਼ਾ ਪੱਥਰ ਦਾ ਖਿਡੌਣਾ ਬਣ ਕੇ, ਚੁੱਪ-ਚਾਪ ਮਰਦਾਂ ਦਾ ਤਸ਼ੱਦਦ ਸਹਿਦੀ ਰਹੇ... ਤੇ ਅਖੀਰ ਇਸੇ ਦਲ-ਦਲ ਵਿਚ ਫਸੀ ਉਹ ਵਕਤੋਂ ਪਹਿਲਾਂ ਹੀ ਪੱਤਝੜ ਦੇ ਪੱਤੇ ਵਾਂਗ ਜ਼ਿੰਦਗੀ ਦੀ ਟਾਹਣੀ ਤੋਂ ਡਿੱਗ ਪਵੇ, ਕੀ ਏਹੋ ਹੈ ਇਸ ਸਮਾਜ ਦੀ ਮਰਿਯਾਦਾ? ਕੀ ਮਰਿਯਾਦਾ ਦਾ ਸਿਕੰਜਾ ਸਿਰਫ ਔਰਤਾਂ ਲਈ ਬਣਿਐਂ? ਮਰਦਾਂ ਉਪਰ ਕੋਈ ਮਰਿਯਾਦਾ ਲਾਗੂ ਨਹੀਂ ਹੁੰਦੀ? ਸੁਖਵੀਰ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਸਨ।

ਪੀੜ੍ਹੀ ਦਰ ਪੀੜ੍ਹੀ
ਕੱਲ੍ਹ ਜਦੋਂ ਮੇਰੀ ਪਤਨੀ ਨੇ ਦੱਸਿਆ ਕਿ, 'ਤਾਈ ਰਾਮੀ ਦਾ ਆਪਣੀ ਨੂੰਹ ਨਾਲ ਵਰਤਾਰਾ ਬੜਾ ਮਾੜੈ। ਵਿਚਾਰੀ ਸਾਰਾ ਦਿਨ ਕੰਮ ਕਰਦੀ ਐ। ਮਾਂ ਜੀ-ਮਾਂਜੀ ਕਰਦੀ ਦਾ ਮੂੰਹ ਨਹੀਂ ਥੱਕਦਾ। ਪਰ ਫੇਰ ਵੀ ਤਾਈ ਉਹਨੂੰ ਸਾਰਾ ਦਿਨ ਝਾੜ ਪਾਉਂਦੀ ਐ।''
ਆਪਣੀ ਪਤਨੀ ਦੀ ਇਹ ਗੱਲ ਸੁਣਦਿਆਂ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਛੋਟਾ ਸਾਂ ਤਾਂ ਬੇਬੇ ਵੀ ਬਾਪੂ ਨੂੰ ਏਵੇਂ ਹੀ ਦੱਸਦੀ ਹੁੰਦੀ ਸੀ ਕਿ 'ਤਾਈ ਰੱਜੀ, ਰਾਮੀ ਨੂੰ ਬਹੁਤ ਤੰਗ ਕਰਦੀ ਐ। ਪਰ ਧੰਨ ਐ ਰਾਮੀ ਜਿਹੜੀ ਸਾਰੀ ਸਾਰ ਕੁਝ ਜਰੀ ਜਾਂਦੀ ਐ।'
ਪਤਾ ਨਹੀਂ ਇਸ ਤਰ੍ਹਾਂ ਕਦੋਂ ਤੱਕ ਹੁੰਦਾ ਰਹੇਗਾ। ਨੂੂੰਹਾਂ ਜਦੋਂ ਸੱਸਾਂ ਬਣਦੀਆਂ ਹਨ ਤਾਂ ਕਿਉਂ ਇਸ ਤਰ੍ਹਾਂ ਕਰਨ ਲਗਦੀਆਂ ਹਨ। ਮੈਂ ਸੋਚ ਰਿਹਾ ਸਾਂ ਕਿ ਕੀ ਕੱਲ੍ਹ ਨੂੰ ਮੇਰੀ ਨੂੰਹ ਵੀ ਮੇਰੇ ਪੁੱਤਰ ਨੂੰ ਦੱਸੇਗੀ ਕਿ, 'ਤਾਈ ਸੁਰਜੀਤ ਆਪਣੀ ਨੂੰਹ ਨਾਲ....।'

0 comments: