Sunday, September 20, 2009

ਗ਼ਜ਼ਲ

-ਹਰਮੇਲ ਪਰੀਤ
ਕੁੱਝ ਦਿੱਤੇ ਗ਼ੈਰਾਂ ਨੇ ਤੇ ਬਾਕੀ ਯਾਰਾ ਤੇਰੇ ਨੇ।
ਨਿੱਕੀ ਜਿੰਨੀ ਜਿੰਦ ਸਾਡੀ ਤੇ ਦੁੱਖ ਬਥੇਰੇ ਨੇ।

ਦੀਵਾ ਬਣਕੇ ਬਲੇ ਹਾਂ ਅਸੀਂ ਹੋਰਾਂ ਦੇ ਲਈ,
ਸਾਡੀ ਜ਼ਿੰਦਗੀ ਦੇ ਵਿਚ ਪਰ ਘੋਰ ਹਨੇਰੇ ਨੇ।

ਕਿਸੇ ਦੇ ਆਉਣੇ ਦਾ ਸੁਨੇਹਾਂ ਕਦ ਕਾਂ ਦੇਣੈਂ?
ਸੁਣਨੇ ਤਾਈਂ ਤਰਸੇ ਪਏ ਸਾਡੇ ਤਾਂ ਬਨੇਰੇ ਨੇ।

ਝੂਠੇ ਕਿਸੇ ਮੁਕਾਬਲੇ ਵਿਚ ਰੀਝਾਂ ਨੇ ਮਰ ਜਾਣੈਂ,
ਮਜ਼ਬੂਰੀਆਂ, ਦੁਸ਼ਵਾਰੀਆਂ ਘੱਤੇ ਹੋਏ ਘੇਰੇ ਨੇ।

ਛੱਡ ਦੁਬਿਧਾ ਸ਼ਮਾਦਾਨਾਂ ਸੰਗ ਖੜ੍ਹੋ ਸ਼ਾਇਰਾ,
ਬੋਲ ਦੇ ਸੱਚ ਸਾਰਾ ਕੀ ਕਰ ਲੈਣਾ ਹੈ ਨ੍ਹੇਰੇ ਨੇ।

ਹੁੰਦਾ ਨਹੀਂ ਲਿਹਾਜ਼ ਮੈਥੋਂ ਤਖ਼ਤਾਂ ਤਾਜਾਂ ਦਾ,
ਇਹ ਤਖ਼ਤ-ਓ-ਤਾਜ਼ ਬੇਗਾਨੇ ਤੇ ਲੋਕ ਮੇਰੇ ਨੇ।

'ਹਰਮੇਲ' ਵੰਡਦਾ ਚੱਲ ਚਾਣਨ ਤੇਰਾ ਫਰਜ਼ ਹੈ,
ਚਾਣਨ ਸਾਹਵੇਂ ਕਦ ਤੱਕ ਟਿਕਣਾ ਨ੍ਹੇਰੇ ਨੇ।

0 comments: