Saturday, September 12, 2009

ਨਜ਼ਮਾਂ

ਨਜ਼ਮਾਂ

ਵਲਵਲੇ
ਹਰਮੇਲ ਪਰੀਤ


1
ਕਲਮਾਂ ਵਾਲਿਓ ਹੋਸ਼ ਕਰੋ,
ਗੀਤਾਂ ਦੇ ਅਕਸ ਵਿਗਾੜੋ ਨਾ।

ਬਿਲਕੁਲ ਹੀ ਬੇਸਮਝੀ ਵਿਚ
ਅਕਲਾਂ ਦੇ ਵਰਕੇ ਪਾੜੋ ਨਾ।

ਚੰਦ ਛਿੱਲੜਾਂ ਦੇ ਲਾਲਚ ਵਿਚ
ਪੈਰੀਂ ਤਹਿਜ਼ੀਬ ਲਿਤਾੜੋ ਨਾ।

ਬਣਕੇ ਵਿਚਰੋਂ ਸ਼ਰਮਾਂ ਵਾਲੇ
ਬਹੁਤੀ ਬੇ-ਸ਼ਰਮੀ ਧਾਰੋ ਨਾ।

2

ਬੱਲੇ ਬੱਲੇ ਹੋ ਜਾਂਦੀ ਉਸਦੀ,
ਜੀਹਦੀ ਮੁੱਠੀ ਆ ਜਾਵੇ ਪੈਸਾ।

ਦੁਸ਼ਮਨ ਕਰ ਦੇਵੇ ਯਾਰਾਂ ਨੂੰ
ਦੁਸ਼ਮਨਾਂ ਨੂੰ ਯਾਰ ਬਣਾਵੇ ਪੈਸਾ।

ਹਰ ਕੋਈ ਏਹਦੇ ਪਿੱਛੇ ਭਜਦਾ
ਹੱਥ ਵਿਰਲੇ ਦੇ ਹੀ ਆਵੇ ਪੈਸਾ।

ਘਰ ਰੱਬ ਦਾ ਵੀ ਬਚਿਆ ਨਾ
ਹਰ ਥਾਂ ਰੰਗ ਦਿਖਾਵੇ ਪੈਸਾ।


3
ਭਗਤ ਸਿੰਘ
ਭਗਤ ਸਿੰਘ,
ਸਿਰਫ ਕੰਧ 'ਤੇ ਟੰਗੀ
ਤਸਵੀਰ ਨਹੀਂ।
ਭਗਤ ਸਿੰਘ,
ਬੀਤੇ ਦੀ ਮਿੱਟੀ 'ਚ ਦਫ਼ਨ,
ਕੋਈ ਸੁਪਨਾ ਵੀ ਨਹੀਂ ।
ਭਗਤ ਸਿੰਘ ਨਾਂਅ ਹੈ,
ਇਕ ਵਿਚਾਰਧਾਰਾ ਦਾ।
ਉਹ ਵਿਚਾਰਧਾਰਾ,
ਜੋ ਕਾਇਮ ਰਹੂਗੀ,
ਯੁੱਗਾਂ ਤੀਕ।
ਭਗਤ ਸਿੰਘ ਮੁਜੱਸਮਾਂ ਹੈ
ਕੁਰਬਾਨੀ ਦਾ।
ਭਗਤ ਸਿੰਘ ਪ੍ਰਤੀਕ ਹੈ,
ਆਜ਼ਾਦੀ ਦਾ।
ਭਗਤ ਸਿੰਘ ਪੈਗ਼ਾਮ ਹੈ
ਸਮਾਜਵਾਦ ਦਾ।
ਭਗਤ ਸਿੰਘ,
ਸੰਘਰਸ਼ਾਂ ਦੀ,
ਉਹ ਰੌਸ਼ਨੀ ਹੈ,
ਜੋ ਰੌਸ਼ਨ ਕਰਦੀ ਰਹੇਗੀ,
ਇਨਕਲਾਬਾਂ ਦੇ ਰਾਹ।

4
ਜੇ ਕਿਤੇ
ਆਪਣੇ 100ਵੇਂ ਜਨਮ ਦਿਹਾੜੇ 'ਤੇ,
ਜੇ ਕਿਤੇ,
ਭਗਤ ਸਿੰਘ,
ਮੰਚ 'ਤੇ ਪ੍ਰਗਟ ਹੋ ਜਾਂਦਾ,
ਤਾਂ ਕੀ ਬੀਤਦੀ?
ਸੰਘ ਪਾੜ-ਪਾੜ,
ਬਾਹਾਂ ਉਲਾਰ-ਉਲਾਰ,
ਭਾਸ਼ਣ ਦਿੰਦੇ,
ਮੇਰੇ ਦੇਸ਼ ਦੇ ਸਿਆਸਤਦਾਨਾਂ ਨਾਲ?
ਜੋ ਅੱਜ ਵੀ ਕਰਦੇ ਨੇ,
ਅੰਗਰੇਜ਼ਾਂ ਦੀ ਜ਼ਿਹਨੀ ਗ਼ੁਲਾਮੀ।
ਦੇਸ਼ ਨੂੰ ਲੁੱਟਣ 'ਚ,
ਜੋ ਅੰਗਰੇਜ਼ਾਂ ਨੂੰ ਵੀ,
ਪਿੱਛੇ ਛੱਡ ਗਏ ਨੇ।
ਸੱਚਮੁੱਚ ਹੀ,
ਉਹ ਇਨ੍ਹਾਂ ਦੇ,
ਗਲਮੇਂ 'ਚ ਹੱਥ ਪਾ ਲੈਂਦਾ,
ਤੇ ਦੀਨ - ਈਮਾਨ ਦੇ ਨਾਲ-ਨਾਲ ,
ਸ਼ਰਮ -ਓ- ਹਯਾ ਵੀ,
ਵੇਚ ਖਾਣ ਵਾਲੇ ਮੱਕਾਰਾਂ ਨੂੰ,
ਜ਼ਰੂਰ ਪੁੱਛਦਾ,
ਕਿ ਆਜ਼ਾਦੀ ਦੇ 60 ਸਾਲਾਂ ਬਾਅਦ ਵੀ,
ਉਹ ਕਿਸਨੂੰ ਦੇ ਰਹੇ ਨੇ?
ਸ਼ਹੀਦਾਂ ਦੇ ਸੁਪਨੇ ,
ਸਕਾਰ ਨਾ ਹੋਣ ਦਾ ਉਲਾਂਭਾ।
ਕਿਉਂ ਕਿ -
ਸੱਤਾ 'ਤੇ ਕਾਬਜ਼ ਹੁੰਦਿਆਂ,
ਇਹ ਜ਼ਿੰਮੇਂਵਾਰੀ ਉਨ੍ਹਾਂ ਦੇ ਹੀ ਸਿਰ ਸੀ।
ਜੇ ਉਨ੍ਹਾਂ ਨਹੀਂ ਨਿਭਾਈ,
ਤਾਂ ਇਹ ਉਨ੍ਹਾਂ ਦੀ ਹੀ ਬੇ-ਈਮਾਨੀ ਹੈ।
ਭੋਲੀ ਭਾਲੀ ਜਨਤਾ ਨੂੰ
ਬੁੱਧੂ ਬਨਾਉਣ,
ਤੇ ਉਨ੍ਹਾਂ ਦੀ ਹਾਲਤ 'ਤੇ
ਮਗਰਮੱਛ ਦੇ ਹੰਝੂ ਵਹਾਉਣ ਦਾ,
ਕੋਝਾ ਨਾਟਕ,
ਉਹਨੇ ਬਰਦਾਸ਼ਤ ਨਹੀਂ ਕਰਨਾ ਸੀ।
ਕਦੇ ਵੀ ਨਹੀਂ।

5
ਰੁਬਾਈਆਂ
ਫਬਦੀ ਹੈ ਨਾ ਹੁਣ, ਹੁਸਨ -ਓ- ਸ਼ਬਾਬ ਦੀ ਗੱਲ।
ਕਲਮਾਂ ਵਾਲਿਓ ਕਰੋ, ਬਲਦੇ ਪੰਜਾਬ ਦੀ ਗੱਲ।
ਲਿਖਤਾਂ ਤੁਹਾਡੀਆਂ ਨੇ ਬਣਨਾ ਇਤਿਹਾਸ ਦੇ ਪੰਨੇ,
ਪਰੀਤ ਵਿਚਾਰੋ ਡੁੱਲੇ ਹੋਏ, ਖੂਨ ਦੇ ਹਿਸਾਬ ਦੀ ਗੱਲ।
20ਜਨਵਰੀ, 1993


ਮੋਢੇ ਨਾਲ ਜੋੜ ਮੋਢਾ, ਦੇਸ਼ ਨੂੰ ਉਸਾਰੀਏ ਪਰੀਤ।
ਜਾਤ-ਪਾਤ ਨੂੰ ਮੁਕਾਕੇ, ਸਭ ਨੂੰ ਪਿਆਰੀਏ ਪਰੀਤ।
ਰੰਗ -ਨਸਲ ਦਾ ਕੱਢਕ, ਦਿਲਾਂ ਦੇ ਵਿਚੋਂ ਪਾੜਾ,
ਮਹਿਕ ਏਕਤਾ ਦੀ, ਚਹੁੰ ਪਾਸੀਂ ਖਿਲਾਰੀਏ ਪਰੀਤ।
23 ਜਨਵਰੀ, 1993

ਕਿਸੇ ਦੀ ਭਾਵਨਾ ਦਾ, ਕਰਦਾ ਕੌਣ ਹੈ ਖ਼ਿਆਲ ਏਥੇ।
ਸਭਨੂੰ ਮਤਲਬ ਹੈ ਆਪਣੇ ਹੀ ਮੁਫਾਦਾਂ ਨਾਲ ਏਥੇ।
ਸੋਚ ਇਨਸਾਨ ਦੀ ਹੋ ਗਈ ਖੁਦ ਤਾਈਂ ਮਹਿਦੂਦ ਬੱਸ,
ਹਕਾਰਤ ਦਾ ਖਿਲਾਰਾ ਪਰੀਤ ਉਲਫ਼ਤ ਦਾ ਕਾਲ ਏਥੇ।
15 ਫਰਵਰੀ, 1993

ਇਹ ਕੀ ਵਰਤ ਗਿਆ ਹੈ ਕਹਿਰ ਭਲਾਂ?
ਲਹੂ 'ਚ ਡੁੱਬਿਆ ਕਿਉਂ ਹਰ ਸ਼ਹਿਰ ਭਲਾਂ?
ਭਾਈ ਭਾਈ ਦਾ ਵੈਰੀ ਹੋਇਆ ਪਿਆਰ ਭੁਲਾਕੇ,
ਕਿਸ ਘੋਲਿਆ ਹਵਾ 'ਚ ਜ਼ਹਿਰ ਭਲਾਂ।


ਨਜ਼ਮ
ਉਨ੍ਹਾਂ ਨੂੰ ਕਹੋ

ਹਕੂਮਤ ਦੇ ਨਸ਼ੇ 'ਚ ਚੂਰ
ਉਹ ਭੁੱਲ ਬੈਠੇ ਨੇ
ਕਿ ਜਨਤਾ ਦੀ ਆਵਾਜ਼
ਦਬਾਈ ਨਹੀਂ ਜਾ ਸਕਦੀ
ਹਮੇਸ਼ਾ ਲਈ।
ਉਨ੍ਹਾਂ ਦਾ ਦਮਨ,
ਮੱਠੀ ਪਾ ਸਕਦਾ ਹੈ
ਇਸ ਅੱਗ ਨੂੰ,
ਵਕਤੀ ਤੌਰ 'ਤੇ।
ਪਰ ਇਹ ਅੱਗ
ਸੁਲਘਦੀ ਰਹਿੰਦੀ ਹੈ
ਅੰਦਰੇ- ਅੰਦਰ
ਪੀੜ੍ਹੀ ਦਰ ਪੀੜ੍ਹੀ।
ਤੇ ਸਮਾਂ ਆਉਣ 'ਤੇ
ਭਾਂਬੜ ਬਣਦੀ ਹੈ,
ਤਖ਼ਤ-ਓ-ਤਾਜ
ਸਾੜ ਕੇ ਸੁਆਹ ਕਰਦੀ ਹੈ।
ਉਨ੍ਹਾਂ ਨੂੰ ਆਖੋ,
ਲੋਕਾਂ ਦੀ ਜ਼ੁਬਾਨ ਦੀ
ਤਾਲਾਬੰਦੀ ਕਰਨ ਤੋਂ ਪਹਿਲਾਂ
ਉਹ ਫਰੋਲ ਕੇ ਦੇਖਣ,
ਤਵਾਰੀਖ਼ ਦੇ ਵਰਕੇ।
ਤੇ ਬਾਜ ਆਉਣ
ਅੱਗ ਨਾਲ ਖੇਡਣ ਦੀ
ਇਸ ਹਿਮਾਕਤ ਤੋ।

(ਨਕਸਲਵਾਦ ਦੀ ਆੜ ਹੇਠ ਕਿਸਾਨ ਆਗੂਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੇ ਸੰਦਰਭ 'ਚ)

0 comments: