Saturday, February 27, 2010

ਇਹ ਕੇਹਾ ਪ੍ਰੇਮ?

ਤੋੜ-ਭੰਨ, ਅਗਜ਼ਨੀ ਲਈ ਜ਼ਿੰਮੇਂਵਾਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਲੋੜ
-ਹਰਮੇਲ ਪਰੀਤ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਇੱਕ ਕਤਲ ਦੇ ਮਾਮਲੇ 'ਚ ਐਫ।ਆਈ।ਆਰ ਦਰਜ ਹੋਣ ਮਗਰੋਂ ਡੇਰਾ ਪ੍ਰੇਮੀਆਂ ਨੇ ਪੰਜਾਬ ਤੇ ਹਰਿਆਣਾ ਵਿਚ ਥਾਂ ਥਾਂ ਹੁੜਦੰਗ ਕੀਤਾ, ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ, ਬੱਸਾਂ ਤੇ ਰੇਲ ਗੱਡੀਆਂ ਸਾੜਨ ਦਾ ਗੁਨਾਹ ਕੀਤਾ। ਡੇਰਾ ਪ੍ਰੇਮੀਆਂ ਦੀ ਇਹ ਕਰਤੂਤ ਕਿਸੇ ਵੀ ਆਧਾਰ 'ਤੇ ਅਣਗੌਲੀ ਨਹੀਂ ਕੀਤੀ ਜਾ ਸਕਦੀ। ਸਵਾਲ ਉਠਦਾ ਹੈ ਕਿ ਕੀ ਡੇਰੇ ਦੇ ਪੈਰੋਕਾਰਾਂ ਨੇ ਆਪਣੇ ਗੁਰੂ ਦੀਆਂ ਮਜ਼ਲਿਸਾਂ ਤੋਂ ਹੁਣ ਤੱਕ ਏਹੀ ਸਿੱਖਿਆ ਹੈ? ਉਨ੍ਹਾਂ ਨੂੰ ਇਹੋ ਸਭ ਸਿਖਿਆਇਆ ਗਿਆ ਹੈ? ਜਾਂ ਕੀ ਉਨ੍ਹਾਂ ਨੇ ਆਪਣੇ ਰਹਿਬਰ ਦੀ ਮਾਨਵੀ ਭਾਈਚਾਰੇ, ਰੱਬ ਦੀ ਰਜ਼ਾ 'ਚ ਰਹਿਣ, ਪ੍ਰੇਮ -ਪਿਆਰ ਦੇ ਪੈਗ਼ਾਮ ਵਿਚੋਂ ਕੱਖ ਵੀ ਪੱਲੇ ਨਹੀਂ ਬੰਨ੍ਹਿਆਂ। ਇਹ ਲੋਕ ਸ਼ਰਧਾਲੂਆਂ ਵਾਂਗ ਨਹੀਂ, ਬਾਬੇ ਦੀ ਬ੍ਰਿਗੇਡ ਵਾਂਗ ਵਿਹਾਰ ਕਰ ਰਹੇ ਹਨ। ਪਹਿਲੀ ਗੱਲ ਇਹ ਕਿ ਅਜੇ ਸਿਰਫ ਬਾਬੇ ਖਿਲਾਫ ਮਾਮਲਾ ਦਰਜ ਹੋਇਆ ਹੈ, ਉਸ ਨੂੰ ਸਜ਼ਾ ਨਹੀਂ ਹੋਈ। ਅਦਾਲਤ ਵਿਚ ਆਪਣੇ ਆਪ ਨੂੰ ਬੇਗੁਨਾਹ ਕਰਨ ਦਾ ਰਾਹ ਗੁਰਮੀਤ ਰਾਮ ਰਹੀਮ ਸਿੰਘ ਕੋਲ ਹੈ। ਡੇਰਾ ਪੈਰੋਕਾਰਾਂ ਦਾ ਇਹ ਪ੍ਰਤੀਕਰਮ ਡੇਰਾ ਮੁਖੀ ਖਿਲਾਫ ਡੇਰੇ ਦੇ ਸਾਬਕਾ ਮੈਨੇਜਰ ਫਕੀਰ ਚੰਦ ਦੇ ਕਤਲ ਮਾਮਲੇ 'ਚ ਧਾਰਾ 302, 201, 120ਬੀ ਤਹਿਤ ਕੇਸ ਦਰਜ ਹੋਣ ਮਗਰੋਂ ਸਾਹਮਣੇ ਆਇਆ ਹੈ। ਅਜਿਹਾ ਪ੍ਰਤੀਕਰਮ ਪਹਿਲੀ ਵਾਰ ਨਹੀਂ ਆਇਆ। ਅਜਿਹਾ ਕੁੱਝ ਕਰਨ ਵਾਲੇ ਡੇਰਾ ਪ੍ਰੇਮੀ ਪਹਿਲੇ ਨਹੀਂ, ਵੱਖ ਵੱਖ ਧਿਰਾਂ ਅਕਸਰ ਏਹ ਰਾਹ ਅਖ਼ਤਿਆਰ ਕਰਦੀਆਂ ਦਿਖਾਈ ਦਿੰਦੀਆਂ ਹਨ। ਅਜਿਹੇ ਮਾਮਲੇ ਵਿਚ ਨੁਕਸਾਨ ਕਰਨ ਵਾਲਿਆਂ ਨੂੰ ਕੋਈ ਜ਼ਿਆਦਾ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਹਰ ਕੋਈ ਹੀਰੋ ਬਣਨ ਲਈ ਅਜਿਹੀਆਂ ਕਾਰਵਾਈਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਅਜਿਹੇ ਮਾਮਲਿਆਂ ਵਿਚ ਕਰੋੜਾਂ ਰੁਪਏ ਦਾ ਨੁਕਸਾਨ ਭੰਗ ਦੇ ਭਾਣੇ ਹੀ ਕਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੱਖ ਕਰਨਾ ਪੈਂਦਾ ਹੈ। ਲਿਹਾਜ਼ਾ ਸਰਕਾਰ ਨੂੰ ਕੁੱਝ ਸਖ਼ਤ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ। ਪਹਿਲਾ ਕੰਮ ਇਹ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਵਿਅਕਤੀਆਂ ਲਈ, ਉਹ ਚਾਹੇ ਕਿਸੇ ਵੀ ਸੰਗਠਨ ਨਾਲ ਸਬੰਧਤ ਕਿਉਂ ਨਾ ਹੋਣ, ਬੇਹੱਦ ਸਖ਼ਤ ਤੇ ਸਜ਼ਾ ਮੁਕੱਰਰ ਕੀਤੀ ਜਾਵੇ, ਅਜਿਹੀਆਂ ਕਾਰਵਾਈਆਂ ਦੌਰਾਨ ਹੋਣ ਵਾਲੇ ਪੂਰੇ ਨੁਕਸਾਨ ਦੀ ਪੂਰਤੀ ਓਸ ਸੰਸਥਾ ਤੋਂ ਵਸੂਲੀ ਕਰਕੇ ਕੀਤੀ ਜਾਣੀ ਚਾਹੀਦੀ ਹੈ ਜਿਸ ਦੇ ਲੋਕਾਂ ਨੇ ਨੁਕਸਾਨ ਕੀਤਾ ਹੋਵੇ। ਇਸ ਲਈ ਲੋੜ ਪਵੇ ਤਾਂ ਸੰਸਥਾ ਦੀ ਜਾਇਦਾਦ ਨਿਲਾਮ ਕਰ ਦਿੱਤੀ ਜਾਵੇ। ਅਜਿਹੇ ਕੁੱਝ ਸਖ਼ਤ ਕਦਮ ਬੇਹੱਦ ਲੋੜੀਂਦੇ ਹਨ।

1 comments:

harnek said...

jad raje shheehn mukaddam kute ho jan