ਡਾ: ਸਤਿੰਦਰ ਸਰਤਾਜ ਬਨਾਮ ਤ੍ਰਿਲੋਕ ਜੱਜ
-ਹਰਮੇਲ ਪਰੀਤ
ਡਾ: ਸਤਿੰਦਰ ਸਰਤਾਜ ਨੇ ਪੰਜਾਬੀ ਗਾਇਕੀ ਵਿਚ ਇੱਕ ਸੁਖ਼ਦ ਅਹਿਸਾਸ, ਹਵਾ ਦੇ ਰੁਮਕਦੇ ਬੁੱਲੇ ਵਾਂਗ ਪ੍ਰਵੇਸ਼ ਕੀਤਾ। ਉਸ ਦੀ ਗਾਇਕੀ ਦਾ, ਉਸ ਦੀ ਸ਼ਾਇਰੀ ਦਾ ਜਾਦੂ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਿਆ। ਪਰ ਛੇਤੀ ਹੀ ਸਰਤਾਜ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਓਸ 'ਤੇ ਕਲਾਮ ਚੋਰੀ ਕਰਨ ਦਾ ਇਲਜ਼ਾਮ ਆਇਦ ਹੋਣ ਲੱਗਾ ਹੈ। ਪੰਜਾਬੀ ਸ਼ਾਇਰ ਤ੍ਰਿਲੋਕ ਜੱਜ ਨੇ ਇਲਜ਼ਾਮ ਧਰਿਆ ਹੈ ਕਿ ਡਾ: ਸਤਿੰਦਰ ਨੇ 'ਨਜ਼ਦੀਕ ਨਾ ਹੋ' ਵਿੱਚੋਂ ਕੁੱਝ ਸ਼ੇਅਰ ਬਿਨਾਂ ਇਜਾਜ਼ਤ ਲਏ ਗਾ ਛੱਡੇ ਹਨ। ਕੁੱਝ ਹੋਰ ਵੀ ਇਲਜ਼ਾਮ ਸੁਣਾਈ ਦੇ ਰਹੇ ਹਨ। ਅਸਲ ਵਿਚ ਕਿਸੇ ਸ਼ਾਇਰ ਦੀ ਏਨੀ ਕੁ ਇੱਛਾ ਜ਼ਰੂਰ ਹੁੰਦੀ ਹੈ ਕਿ ਉਸ ਦਾ ਕਲਾਮ ਜੇਕਰ ਕੋਈ ਗਾਇਕ ਗਾਵੇ, ਉਹਦੇ ਇਵਜ਼ ਵਿਚ ਲੱਖਾਂ ਰੁਪਏ ਕਮਾਵੇ ਵੀ, ਤਾਂ ਉਸ ਨੂੰ ਜੇਕਰ ਚਾਰ ਛਿਲੜ ਨਹੀਂ ਦੇਣੇ ਤਾਂ ਉਸ ਦਾ ਨਾਂਅ ਤਾਂ ਕਿਤੇ ਜ਼ਰੂਰ ਆਵੇ। ਡਾ: ਸਤਿੰਦਰ ਦੀ ਇਸ ਬਾਰੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸ ਕਰਕੇ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਹਨ।
ਅਸਲ ਵਿਚ ਇਹ ਤਾਂ ਠੀਕ ਹੈ ਕਿ ਉਕਤ ਗ਼ਜ਼ਲ ਦੇ ਕੁੱਝ ਸ਼ੇਅਰ ਡਾ: ਸਤਿੰਦਰ ਨੇ ਗਾਏ ਹਨ। ਮਨ ਕੁੰਤੋ ਮੌਲਾ ਨਾਂਅ ਦੇ ਗੀਤ ਵਿਚ ਬਹੁਤ ਸਾਰੀ ਅਜਿਹੀ ਸ਼ਾਇਰੀ ਹੈ ਜੋ ਚੋਣਵੀ ਹੈ। ਡਾ: ਸਤਿੰਦਰ ਜਿਸ ਤਰ੍ਹਾਂ ਦੀ ਗਾਇਕੀ ਦੇ ਰਾਹ ਤੁਰੇ ਹਨ, ਉਸ ਵਿਚ ਮੂਲ ਕਲਾਮ ਦੇ ਨਾਲ ਨਾਲ ਹੋਰ ਬਹੁਤ ਸਾਰੀ ਸ਼ੇਅਰੋ ਸ਼ਾਇਰੀ ਸੁਣਾਈ/ਪੜੀ ਜਾਂਦੀ ਹੈ। ਅਸੀਂ ਸਭ ਵੀ ਅਕਸਰ ਹੀ ਸਮੇਂ ਸਮੇਂ ਆਪਣੀ ਕਿਸੇ ਗੱਲ ਨੂੰ ਹੋਰ ਵਜ਼ਨਦਾਰ ਬਣਾਉਣ ਲਈ ਆਸ਼-ਆਰ ਦਾ ਸਹਾਰਾ ਬਕੌਲ ਸ਼ਾਇਰ ਜਾਂ ਕਿਸੇ ਸ਼ਾਇਰ ਨੇ ਕਿਹਾ ਹੈ ਕਹਿਕੇ ਲੈਂਦੇ ਹਾਂ। ਡਾ: ਸਤਿੰਦਰ ਵਾਲਾ ਮਾਮਲਾ ਵੀ ਕੁੱਝ ਅਜਿਹਾ ਹੀ ਹੈ। ਇਸ ਕਰਕੇ ਇਸ ਨੂੰ ਲੋੜ ਤੋਂ ਜ਼ਿਆਦਾ ਤੂਲ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਕੁੱਝ ਲੋਕਾਂ ਨੂੰ ਤਾਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਹਵਾ ਦੇ ਕੇ ਸਵਾਦ ਆਉਂਦੈ। ਉਹ ਆਪਣੇ ਸਵਾਦ ਪਿੱਛੇ ਹੀ ਪਾਣੀ ਵਿਚ ਮਧਾਣੀ ਪਾਈ ਰੱਖਦੇ ਹਨ।
ਸਾਡਾ ਇਹ ਸਭ ਕਹਿਣ ਤੋਂ ਮਤਲਬ ਸਾਹਿਤਕ ਚੋਰੀ ਨੂੰ ਜਾਇਜ਼ ਠਹਿਰਾਉਣਾ ਨਹੀਂ। ਪਰ ਚੋਰੀ ਓਦੋਂ ਹੁੰਦੀ ਹੈ ਜਦ ਕੋਈ ਕਿਸੇ ਹੋਰ ਦੇ ਕਲਾਮ ਨੂੰ ਆਪਣੇ ਨਾਂਅ ਥੱਲੇ ਗਾ ਲਵੇ ਜਾਂ ਛਪਵਾ ਲਵੇ। ਸੋ ਇਸ ਮਾਮਲੇ ਵਿਚ ਅਜਿਹਾ ਕੁੱਝ ਨਹੀਂ ਹੈ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਡਾ: ਸਤਿੰਦਰ ਸਰਤਾਜ ਭਵਿੱਖ ਵਿਚ ਆਪਣਾ ਪ੍ਰੋਗਰਾਮ ਸ਼ੁਰੂ ਕਰਦਿਆਂ ਹੀ, ਜਾਂ ਜਿੱਥੇ ਸੰਭਵ ਹੋਵੇ ਅਜਿਹੇ ਸ਼ਾਇਰਾਂ ਦਾ ਆਭਾਰ ਵਿਅਕਤ ਕਰ ਦਿਆ ਕਰਨ ਜਿੰਨ੍ਹਾਂ ਦੀ ਸ਼ਾਇਰੀ ਉ੍ਹਨਾਂ ਆਪਣੀ ਮਹਿਫ਼ਲ ਵਿਚ ਵਰਤੀ ਹੋਵੇ। ਅਜਿਹਾ ਕਰਨ ਨਾਲ ਬੇਲੋੜੇ ਵਿਵਾਦਾਂ ਤੋਂ ਬਚਿਆ ਜ ਸਕਦਾ ਹੈ। ਕਿਉਂਕਿ ਇਥੇ ਰਾਈ ਦਾ ਪਹਾੜ ਬਣਾਉਣ, ਠਿੱਬੀ ਲਾਉਣ ਵਾਲੇ ਬਥੇਰੇ ਹਨ।
1 comments:
Tuhade Views bahut MaaYne Rakhde ne.......so....Thanx For Sharing.....Achcha LagYa Parh Ke......!!!!
Post a Comment