Tuesday, March 30, 2010

ਡਾ: ਜਗਤਾਰ ਦੇ ਤੁਰ ਜਾਣ 'ਤੇ

ਕਿੱਥੇ ਤੁਰ ਗਏ ਲੋਕੀ?
-ਹਰਮੇਲ ਪਰੀਤ
ਖ਼ਬਰ ਹੈ ਪੰਜਾਬੀ ਸ਼ਾਇਰੀ ਦੇ ਉਸਤਾਦ ਸ਼ਾਇਰ ਡਾ: ਜਗਤਾਰ ਨਹੀਂ ਹੈ ਕਾਸ਼ ਇਹ ਖ਼ਬਰ ਸੱਚੀ ਨਾ ਹੁੰਦੀ ਪਰ ਅਜਿਹੀਆਂ ਕੁਲਹਿਰਣੀਆਂ ਖ਼ਬਰਾਂ ਸਦਾ ਸੱਚ ਹੁੰਦੀਆਂ ਨੇ ਡਾ: ਜਗਤਾਰ ਇੱਕ ਸ਼ਾਇਰ ਹੀ ਨਹੀਂ ਸੀ, ਸ਼ਾਇਰੀ ਦਾ ਇੱਕ ਯੁੱਗ ਸੀ ਡਾ: ਹੁਰਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੁਹਾਂਦਰਾ ਸੁਆਰਨ, ਨਵੇਂ ਲੇਖਕਾਂ ਦੀ ਅਗਵਾਈ ਕਰਨ ਵਿਚ ਡਾ: ਜਗਤਾਰ ਦੀਆਂ ਸੇਵਾਵਾਂ ਨੂੰ ਸਜਦਾ ਉਹ ਸੱਚਮੁੱਚ ਹਨੇਰਿਆਂ ਵਿਰੁੱਧ ਡਟਣ ਵਾਲਾ, ਅਨਿਆਂ ਦੇ ਸ਼ਿਕਾਰ ਦੱਬੇ -ਕੁੱਚਲੇ ਲੋਕਾਂ ਦੀ ਗੱਲ ਤੋਰਨ ਵਾਲਾ ਸ਼ਾਇਰ ਸੀ ਡਾ: ਊਧਮ ਸਿੰਘ ਸ਼ਾਹੀ ਦੇ ਸ਼ਬਦਾਂ 'ਚ 'ਉਹਦੀ ਰਚਨਾ ਪਾਠਕ ਨੂੰ ਇੱਕ ਆਦਰਸ਼ ਦਿੰਦੀ ਹੈ ਪਾਠਕ ਦੀ ਦਸ਼ਾ ਨੂੰ ਇੱਕ ਦਿਸ਼ਾ ਦਿੰਦੀ ਹੈ ਹਾਰੇ ਹੋਏ ਨੂੰ ਮੁੜ ਉਠਾਉਂਦੀ ਹੈ, ਜ਼ਿੰਦਗੀ ਦੇ ਸੰਘਰਸ਼ ਵਿਚ ਮੁੜ ਤੋਂ ਕੁੱਦਣ ਦੀ ਹਿੰਮਤ ਬੰਨ੍ਹਾਉਂਦੀ ਹੈ ਡਾ: ਜਗਤਾਰ ਦੀ ਚਰਨਾ ਹੋਣੀਆਂ, ਹਨੇਰੀਆਂ ਵਿਰੁੱਧ ਡਟ ਜਾਣ ਵਾਲੇ ਮਨੁੱਖ ਦੀ ਪੱਥ ਪ੍ਰਦਰਸ਼ਕ ਹੈ'
ਯਥਾਰਥ ਉਨ੍ਹਾਂ ਦੀ ਰਚਨਾ ਦਾ ਮੂਲ ਹੈ , ਉਹ ਆਖ਼ਦੇ ਹਨ :
ਹਨੇਰੇ ਘਰ 'ਚ ਮੁਰਝਾਏ, ਧੁਆਂਖੇ, ਜ਼ਰਦ ਚਿਹਰੇ ਨੂੰ,
ਜੇ ਸ਼ਾਇਰ ਏਂ ਯਥਾਰਥ ਦਾ ਨਾ ਐਵੇਂ ਆਫਤਾਬ ਲਿਖ।
ਅੱਜ ਜਦੋਂ ਇਹ ਚੌਮੁਖੀਆ ਦੀਵਾ ਜਿਸਮਾਨੀ ਤੌਰ 'ਤੇ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਖੁੱਸ ਗਿਆ ਹੈ। ਦਿਲ ਬੜਾ ਉਦਾਸ ਹੈ। ਬੇਰੌਣਕੀ ਦਾ ਆਲਮ ਹੈ। ਪਰ ਡਾ: ਜਗਤਾਰ ਵਰਗੇ ਸ਼ਾਇਰ ਮਰਦੇ ਕਦੋਂ ਨੇ। ਜਿਉਂਦੇ ਨੇ ਆਪਣੇ ਕਲਾਮ ਦੇ ਕਮਾਲ ਦੇ ਸਹਾਰੇ।
ਸਮਾਂ ਪਾ ਕੇ ਮਰ ਜਾਏਗੀ ਉਹ ਸ਼ਾਇਰੀ ਦਾ ਕੀ ਫਾਇਦਾ,
ਜੋ ਸਦੀਆਂ ਤਕ ਰਹੇ ੰਿਜ਼ੰਦਾ ਕੋਈ ਐਸੀ ਕਿਤਾਬ ਲਿਖ।
ਪੇਸ਼ ਹੈ ਡਾ: ਜਗਤਾਰ ਦੀ ਇੱਕ ਗ਼ਜ਼ਲ
ਨਹੀਂ ਯਾਰਾਂ ਨੇ ਲਿਖਿਆ ਵਾਪਰੀ ਹੈ ਕੀ ਘਰਾਂ ਅੰਦਰ।
ਮਗਰ ਸੂਰਤ ਨਜ਼ਰ ਆਉਂਦੀ ਖ਼ਤਾਂ ਦੇ ਅੱਖਰਾਂ ਅੰਦਰ।

ਕੋਈ ਵੀ ਘਰ ਨਹੀਂ ਬਚਿਆ ਕਿਤੇ ਸਾਰੇ ਗਰਾਂ ਅੰਦਰ
ਕਿ ਥਾਂ ਥਾਂ ਮੌਤ ਦਾ ਕਬਜ਼ਾ ਹੈ ਸਾਰੇ ਹੀ ਘਰਾਂ ਅੰਦਰ।

ਜਲਾ ਦੇਵਾਂਗਾ ਮੈਂ ਸਭ ਮਾੜੀਆਂ ਧੌਲਰ ਉਚੇਰੇ ਘਰ
ਜਦੋਂ ਵੀ ਅੱਗ ਲਾਈ ਬਿਜਲੀਆਂ ਮੇਰੇ ਅੰਦਰ।

ਕੀ ਹਾਲੇ ਵੀ ਬਣੇ ਰਹਿਣਾ ਹੈ ਗੋਲੇ ਬਾਦਸ਼ਾਹਾਂ ਦੇ
ਤਬਾਹੀ ਆਣ ਬੈਠੀ ਹੈ ਘਰਾਂ 'ਚੋਂ ਆਂਦਰਾਂ ਅੰਦਰ।

ਮੈਂ ਮੰਨਦਾ ਹਾਂ ਬੜੇ ਹੀ ਖ਼ੂਬਸੂਰਤ ਘਰ ਨੇ ਸ਼ੀਸ਼ੇ ਦੇ,
ਕਦੋਂ ਤਾਈਂ ਸਬੂਤੇ ਰਹਿਣਗੇ ਪਰ ਪੱਥਰਾਂ ਅੰਦਰ।

ਮੈਂ ਜਿਹੜੇ ਖ਼ਾਬ ਦੇਖੇ ਸਨ ਜਦੋਂ ਆਪਣੇ ਗਰਾਂ ਵਿਚ ਸਾਂ,
ਉਹ ਸਾਰੇ ਮਰ ਗਏ ਨੇ ਤੰਗੀਆਂ ਸਹਿ ਸਹਿ ਨਗਰ ਅੰਦਰ।

ਇਹ ਕੈਸਾ ਵਕਤ ਹੈ ਆਇਆ ਉਹ ਕਿੱਥੇ ਤੁਰ ਗਏ ਲੋਕੀ,
ਰਹੀ ਰੌਣਕ ਕਿਤੇ ਨਾ ਪਨਘਟਾਂ ਤੇ ਨਾ ਘਰਾਂ ਅੰਦਰ।

1 comments:

Deep Jagdeep Singh said...

ਮਿੱਤਰ ਪਿਆਰੇ...ਡਾ. ਜਗਤਾਰ ਦੀ ਖੂਬਸੂਰਤ ਗ਼ਜ਼ਲ ਲਈ ਸ਼ੁਕਰੀਆ...ਜੇ ਹੋ ਸਕੇ ਤਾਂ ਲਫ਼ਜ਼ਾਂ ਦਾ ਪੁਲ www.lafzandapul.com ਦੇ ਸ਼ਖ਼ਸੀਅਤ ਸੈਕਸ਼ਨ ਲਈ ਡਾ. ਜਗਤਾਰ ਹੁਰਾਂ ਦੇ ਜੀਵਨ ਬਾਰੇ ਇਕ ਲੇਖ ਭੇਜਣ ਦੀ ਖੇਚਲ ਕਰਨਾ। ਤੁਸੀ ਕਈ ਮਸਲਿਆਂ ਤੇ ਬਹੁਤ ਸੋਹਣਾ ਲਿਖ ਰਹੇ ਹੋ, ਸ਼ੁਕਰੀਆ...

ਦੀਪ ਜਗਦੀਪ ਸਿੰਘ

ਇਕ ਬੇਨਤੀ...ਕਮੈਂਟਸ ਵਿਚੋਂ ਵਰਡ ਵੇਰੀਫਿਕੇਸ਼ਨ ਬੰਦ ਕਰ ਦਿਓਂਗੇ ਤਾਂ ਕਮੈਂਟ ਕਰਨ ਵਾਲੇ ਦਾ ਵਕਤ ਬਚੇਗਾ, ਸ਼ਾਇਦ ਕਮੈਂਟਸ ਦੀ ਗਿਣਤੀ ਵੀ ਵਧੇ...