Sunday, April 11, 2010

ਸਤਿੰਦਰ ਸਰਤਾਜ-ਤਿਰਲੋਕ ਜੱਜ ਮਾਮਲੇ 'ਚ ਪ੍ਰੋ: ਅਨੂਪ ਵਿਰਕ ਦੀ ਤੂਤੀ

-ਹਰਮੇਲ ਪਰੀਤ
ਸਤਿੰਦਰ ਸਰਤਾਜ ਵੱਲੋਂ ਆਪਣੇ ਇੱਕ ਗੀਤ ਮਨ ਕੁੰਤੋ ਮੌਲਾ ਵਿਚ ਵੱਖ-ਵੱਖ ਸ਼ਾਇਰਾਂ ਦੇ ਕੁੱਝ ਸ਼ੇਅਰ ਗਾਉਣ ਦਾ ਮਾਮਲਾ ਦਿਨੋ-ਦਿਨ ਤੂਲ ਫੜ੍ਹਦਾ ਜਾ ਰਿਹਾ ਹੈ। ਸ਼ਾਇਰ ਤਿਰਲੋਕ ਜੱਜ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਇਸ ਗੀਤ ਵਿਚ ਡਾ : ਸਰਤਾਜ ਨੇ ਉਸ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਬਿਨਾਂ ਸ਼ਾਇਰ ਦਾ ਨਾਂਅ ਲਏ ਗਾਏ ਹਨ। ਇਸ ਸਾਰੇ ਮਾਮਲੇ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਇੰਟਰਨੈਟ 'ਤੇ ਖਾਸੀ ਬਹਿਸ ਚੱਲ ਰਹੀ ਹੈ ਤੇ ਹੁਣ ਇਹ ਬਹਿਸ ਅਖ਼ਬਾਰਾਂ ਦੇ ਪੰਨਿਆਂ ਤੱਕ ਆ ਗਈ ਹੈ। ਸ੍ਰੀ ਜੱਜ ਨੇ ਡਾ: ਸਰਤਾਜ ਨੂੰ ਮੁਆਫੀ ਮੰਗਣ ਲਈ 15 ਦਿਨਾਂ ਦੀ ਮੋਹਲਤ ਦਿੱਤੀ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਵੀ ਹੁਣ ਸ੍ਰੀ ਜੱਜ ਦੇ ਹੱਕ ਵਿਚ ਨਿੱਤਰ ਪਈ ਹੈ। ਸਭਾ ਦੇ ਪ੍ਰਧਾਨ ਜਨਾਬ ਪ੍ਰੋ: ਅਨੂਪ ਵਿਰਕ ਨੇ ਸ਼ਾਇਰ ਤਿਰਲੋਕ ਜੱਜ ਦੀ ਨਜ਼ਮ 'ਚੋਂ ਸਰਤਾਜ ਵੱਲੋਂ ਚੋਰੀ ਕੀਤੇ ਗਏ ਸ਼ੇਅਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਤਿਰਲੋਕ ਜੱਜ ਆਪਣੇ ਸਟੈਂਡ 'ਤੇ ਕਾਇਮ ਰਹਿਣਗੇ ਤਾਂ ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦਾ ਡਟ ਕੇ ਸਾਥ ਦੇਵੇਗੀ।
ਇਥੋਂ ਤੱਕ ਮਾਮਲਾ ਸਮਝ ਆਉਂਦਾ ਹੈ। ਪਰ ਹੁਣ ਜਦੋਂ ਡਾ: ਸਤਿੰਦਰ ਅੜਿੱਕੇ ਆਇਆ ਹੈ ਤਾਂ ਡਾ: ਅਨੂਪ ਦਾ ਵੀ ਦਿਲ ਕਰਦਾ ਹੈ ਕਿ ਉਹ ਵੀ ਹੋਰਾਂ ਤੋਂ ਕੁੱਝ ਜ਼ਿਆਦਾ ਬੋਲਣ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹਨ, ਦੂਜਿਆਂ ਤੋਂ ਕੁੱਝ ਵੱਡੀ ਟਿੱਪਣੀ ਤਾਂ ਕਰਨੀ ਹੀ ਪੈਣੀ ਹੈ, ਤਾਂ ਹੀ ਕੋਈ ਧਿਆਨ ਦੇਵੇਗਾ ਉਹਨਾਂ ਦੀ ਗੱਲ ਵੱਲ।
ਪ੍ਰੋ: ਵਿਰਕ ਬਿਨਾਂ ਸ਼ੱਕ ਵਿਦਵਾਨ ਸ਼ਾਇਰ ਹਨ। ਸਾਡੇ ਲਈ ਕਾਬਲ-ਇ-ਇਤਰਾਮ ਹਨ। ਪਰ ਲਗਦਾ ਹੈ ਡਾ: ਸਰਤਾਜ ਦੇ ਗੀਤਾਂ 'ਤੇ ਟਿੱਪਣੀ ਕਰਨ ਲੱਗਿਆਂ ਉਨ੍ਹਾਂ ਦਲੀਲ ਨਾਲੋਂ ਜ਼ਿਆਦਾ ਜਜ਼ਬਾਤ ਤੋਂ ਕੰਮ ਲਿਆ ਹੈ। ਪ੍ਰੋ: ਵਿਰਕ ਆਖਦੇ ਹਨ ਕਿ ਇੱਕ ਪਾਸੇ ਤਾਂ ਸਰਤਾਜ ਵਾਰਿਸ ਸ਼ਾਹ ਵਰਗੇ ਸੂਫੀ ਫਕੀਰ ਵਰਗੇ ਕੱਪੜੇ ਪਾ ਕੇ ਉਨ੍ਹਾਂ ਵਰਗਾ ਭੇਸ ਧਾਰਨ ਕਰ ਰਿਹਾ ਹੈ ਪਰ ਦੂਜੇ ਪਾਸੇ 'ਅੱਧੀ ਕਿੱਕ 'ਤੇ ਸਟਾਟ ਮੇਰਾ ਯਾਮਹਾ, ਹੋਰ ਦੱਸ ਕੀ ਭਾਲਦੀ' ਵਰਗੇ ਗੀਤ ਗਾ ਰਿਹਾ ਹੈ।। ਮੈਨੂੰ ਉਹ ਦੱਸੇ ਕਿ ਅਜਿਹੇ ਗੀਤਾਂ ਦਾ ਸੂਫੀਵਾਦ ਨਾਲ ਕਿੱਥੋਂ ਤੱਕ ਦਾ ਵਾਸਤਾ ਹੈ।।
ਸਮਝ ਤਾਂ ਸਾਨੂੰ ਵੀ ਨਹੀਂ ਆ ਰਹੀ ਕਿ ਪ੍ਰੋ: ਵਿਰਕ ਨੇ ਇਹ ਟਿੱਪਣੀ ਕਰਨ ਤੋਂ ਪਹਿਲਾਂ ਇਸ ਗੀਤ ਨੂੰ ਪੂਰਾ ਸੁਣਨ ਦੀ ਜ਼ਹਿਮਤ ਵੀ ਉਠਾਈ ਹੈ ਕਿ ਨਹੀਂ? ਏਸ ਗੀਤ ਵਿਚ ਅਜਿਹਾ ਕੁੱਝ ਵੀ ਨਹੀਂ ਜਿਹੋ ਜਿਹਾ ਪ੍ਰੋ: ਵਿਰਕ ਨੂੰ ਨਜ਼ਰ ਆਇਆ ਹੈ।
ਸੱਚ ਇਹ ਹੈ ਕਿ ਇਹ ਹਲਕੇ ਫੁਲਕੇ ਅੰਦਾਜ਼ ਵਾਲਾ ਗੀਤ ਜਿੱਥੇ ਚਾਦਰ ਵੇਖ ਕੇ ਪੈਰ ਪਸਾਰਨ ਦਾ ਸੁਨੇਹਾਂ ਦਿੰਦਾ ਹੈ। ਉਹ ਇਹ ਵੀ ਆਖ਼ਦਾ ਹੈ ਜੇਕਰ ਉਹ ਕਿਸੇ ਤਰ੍ਹਾਂ ਕੋਈ ਹੋਰ ਮਹਿੰਗਾ ਮੋਟਰ ਸਾਈਕਲ ਖ਼ਰੀਦ ਵੀ ਲਵੇ ਤਾਂ ਪਰ ਪੈਟਰੋਲ ਕਿੱਥੋਂ ਆਵੇਗਾ? ਪੰਪ ਵਾਲਾ ਕਿਹੜਾ ਉਸਦਾ ਮਾਮਾ ਹੈ? ਡਾ: ਸਰਤਾਜ ਦੇਸ਼ ਦੇ ਦਿਨ ਬਦਲਣ, ਚੰਗੇ ਨੇਤਾਵਾਂ ਦੇ ਆਉਣ ਦੀ ਗੱਲ ਰਾਹੀਂ ਮੌਜੂਦਾ ਗੰਧਲੀ ਸਿਆਸਤ 'ਤੇ ਵੀ ਤਨਜ਼ ਵੀ ਕਰਦੇ ਹਨ। ਪਰ ਅਫਸੋਸ ਪ੍ਰੋ: ਅਨੂਪ ਦਾ ਬਿਆਨ ਸਿਰਫ ਤੇ ਸਿਰਫ ਡਾ: ਸਰਤਾਜ ਨੂੰ ਨਿਸ਼ਾਨਾ ਬਣਾਉਣ ਦੀ ਮਨਸ਼ਾ ਤੋਂ ਹੀ ਪ੍ਰੇਰਤ ਹੈ।

6 comments:

Nav said...

sahi keha veer apne.....

inderpreet said...

bilkul sahi veer ji satinder de ta pichey he pay ge sare

Rajinderjeet said...

ਹਰਮੇਲ ਜੀਓ, ਸੋਚਣ ਵਾਲੀ ਗੱਲ ਇਹ ਹੈ ਕਿ ਜੇ ਵਾਰਿਸ ਦੇ ਭੇਸ 'ਚ ਮੁੰਡੀਰ ਨੂੰ ਖ਼ੁਸ਼ ਕਰਨ ਲਈ 'ਹੱਸ ਕੇ ਨਾ ਬੋਲੀਂ, ਬਹੁਤੇ ਨੈਣ ਨਾ ਮਿਲਾਵੀਂ, ਨਾਲੇ ਆਖ ਦੀਂ ਮੇਰਾ ਨਾ ਚਿੱਤ ਰਾਜ਼ੀ......ਜੇ ਹਟਿਆ ਨਾ ਸੀਟੀ ਮਾਰਨੋ, ਫਿਰ ਆਖ ਦੀਂ ਕੰਜਰ ਦੇ ਨੂੰ ਭਾਜੀ' ਅਤੇ 'ਬਿੱਲੋ ਜੀ ਜ਼ਰਾ ਹਿੱਲੋ ਜੀ, ਦਸ ਵੱਜਗੇ ਛੱਡ ਦਿਓ ਪਿੱਲੋ ਜੀ...' ਵਰਗੇ ਗੀਤ ਗਾਉਂਣੇ ਹਨ ਸਰਤਾਜ ਹੁਰਾਂ ਤਾਂ ਕੀ ਅਸੀਂ ਇਹ ਨਹੀਂ ਸੋਚ ਸਕਦੇ ਕਿ ਕੀ ਪੰਜਾਬੀ ਸਰੋਤਿਆਂ ਦਾ ਸੋਹਜ-ਸੁਆਦ ਏਨਾ ਘਟੀਆ ਹੋ ਗਿਐ ਕਿ ਉਹਨਾਂ ਨੂੰ ''ਸੂਫ਼ੀ'' ਸ਼ਬਦ ਨਾਲ਼ ਗੁਮਰਾਹ ਕੀਤਾ ਜਾ ਸਕਦੈ |
ਮੈਂ ਸਰਤਾਜ ਹੁਰਾਂ ਦੀ ਦਿਲੋਂ ਕਦਰ ਕਰਦਾਂ ਪਰ ਉਦੋਂ ਜਦੋਂ ਉਹ ''ਸੂਫ਼ੀਵਾਦ'' ਦੇ ਨਾਂ ਹੇਠ ਚੁਟਕਲੇ ਨਹੀਂ ਸੁਣਾ ਰਹੇ ਹੁੰਦੇ|
- ਰਾਜਿੰਦਰਜੀਤ

aman said...

bil kul sahi gal hai 22 g(er.aman)

Deep Jagdeep Singh said...

ਵੀਰ ਜੀ ਤੁਹਾਡੇ ਸਿਰਲੇਖ ਤੋਂ ਹੀ ਜ਼ਾਹਿਰ ਹੋ ਰਿਹਾ ਹੈ ਕਿ ਅਨੂਪ ਵਿਰਕ ਬਾਰੇ ਤੁਹਾਡੀ ਨਿਜੀ ਰਾਏ ਕੀ ਹੈ। ਖ਼ੈਰ, ਕਿਸੇ ਵੀ ਬੰਦੇ ਬਾਰੇ ਕੋਈ ਵੀ ਰਾਇ ਰੱਖਣ ਦਾ ਤੁਹਾਨੂੰ ਪੂਰਾ ਹੱਕ ਹੈ। ਪਰ ਉਸ ਵਿਚਾਰ ਦੇ ਆਧਾਰ ਤੇ ਲੋਕ ਰਾਇ ਬਣਾਉਣ ਦੀ ਕੋਸ਼ਿਸ਼ ਕਰਨਾ ਜਾਇਜ਼ ਨਹੀਂ। ਤੁਹਾਨੂੰ ਕਿਵੇਂ ਪਤਾ ਕਿ ਵਿਰਕ ਹੁਰਾਂ ਨੇ ਪੂਰਾ ਗੀਤ ਸੁਣਿਆ ਹੈ ਕਿ ਨਹੀਂ? ਜਾਂ ਤੁਸੀ ਸਿਰਫ਼ ਅੰਦਾਜ਼ਾ ਹੀ ਲਾਇਆ ਹੈ?

ਰਹੀ ਗੱਲ ਸਰਤਾਜ ਦੇ ਯਾਮਹੇ ਦੇ ਸਾਮਾਜਿਕ ਸਰੋਕਾਰ ਦੀ ਤਾਂ ਕਿਰਪਾ ਕਰ ਕੇ ਇਸ ਗੀਤ ਦੀ ਸਮੀ਼ਖਿਆ ਕਰਦਾ ਇਹ ਲੇਖ ਜ਼ਰੂਰ ਪੜ੍ਹ ਲਿਓ। ਤੁਹਾਡੇ ਵਿਚਾਰ ਵੀ ਮੁੱਲਵਾਨ ਹੋਣ ਇਸ ਬਾਰੇ। ਬਸ ਬੇਨਤੀ ਇਨ੍ਹੀਂ ਹੈ ਕਿ ਜੋ ਵੀ ਗੱਲ ਕਹੋ ਭਾਵੁਕਤਾ ਅਤੇ ਉਪ-ਭਾਵੁਕਤਾ ਤੋਂ ਮੁਕਤ ਹੋ ਕਿ ਕਹੋ।

ਨੋਟ: ਇਥੇ ਮੇਰਾ ਮਕਸਦ ਵੀ ਅਨੂਪ ਵਿਰਕ ਦਾ ਪੱਖ ਲੈਣ ਜਾਂ ਉਨ੍ਹਾਂ ਨਾਲ ਕੋਈ ਖਾਸ ਸਾਂਝ ਪ੍ਰਦਰਸ਼ਿਤ ਕਰਨਾ ਨਹੀਂ ਹੈ। ਉਨ੍ਹਾਂ ਦਾ ਸਤਿਕਾਰ ਆਪਣੀ ਜਗ੍ਹਾਂ ਹੈ ਤੇ ਤੁਹਾਡਾ ਤੁਹਾਡੀ ਜਗ੍ਹਾ ਤੇ ਹਰ ਪਾਠਕ ਦਾ ਵੀ ਉਨ੍ਹਾਂ ਹੀ ਸਤਿਕਾਂਰ ਹੈ।

Deep Jagdeep Singh said...

ਲੇਖ ਦੇ ਲਈ ਲਿੰਕ ਹੈ-
http://www.sath.lafzandapul.com/2010/04/sartaj-yamaha-surindersohal.html