Thursday, May 6, 2010

ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਵੇਗਾ


-ਹਰਮੇਲ ਪਰੀਤ
ਪੰਜਾਬ ਦੀਆਂ ਵੱਖ ਵੱਖ ਸਮਾਜਿਕ ਤੇ ਵਾਤਾਵਰਣ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਨੇ 4 ਜੂਨ ਨੂੰ ਸੇਵਾ ਦੇ ਪੁੰਜ ਤੇ ਵਾਤਾਵਰਣ ਚਿੰਤਕ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਪੰਜਾਬ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਜੱਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਇੱਕ ਚਿੱਠੀ ਲਿਖਕੇ ਇਸ ਦਿਹਾੜੇ ਨੂੰ ਸਰਕਾਰੀ ਤੌਰ 'ਤੇ ਸੂਬਾਈ ਵਾਤਾਵਰਣ ਦਿਹਾੜਾ ਐਲਾਨਣ ਦੀ ਮੰਗ ਵੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਓਮੇਂਦਰ ਦੱਤ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਅਸੀਂ 5 ਜੂਨ ਨੂੰ ਕੌਮਾਂਤਰੀ ਵਾਤਾਵਰਣ ਦਿਹਾੜਾ ਸਿਰਫ ਰਸਮ ਪੂਰਤੀ ਵਜੋਂ ਮਨਾਉਂਦੇ ਹਾਂ ਪਰ ਇਸ ਦਿਹਾੜੇ ਦੇ ਦਰਸ਼ਨ ਜਾਂ ਪਿਛੋਕੜ ਦਾ ਕੋਈ ਸਾਡੇ ਸਮਾਜ ਨਾਲ ਕੋਈ ਵਾਸਤਾ ਨਹੀਂ ਹੈ ਇਸੇ ਕਰਕੇ ਇਹ ਦਿਹਾੜਾ ਸਾਡੇ ਸਮਾਜ ਨੂੰ ਆਪਣੇ ਨਾਲ ਨਹੀਂ ਜੋੜ ਸਕਿਆ। ਉਨ੍ਹਾਂ ਕਾ ਕਿ ਇਸਦੇ ਉਲਟ ਜੇਕਰ ਪੰਜਾਬ ਸਰਕਾਰ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ 4 ਜੂਨ ਨੂੰ ਪੰਜਾਬ ਦਾ ਵਾਤਾਵਰਣ ਦਿਵਸ ਬਣਾਵੇ ਤਾਂ ਇਸਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ। ਕਿਉਂਕਿ ਇਸ ਦਿਹਾੜੇ ਦੀਆਂ ਜੜ੍ਹਾਂ ਪੰਜਾਬ ਦੀ ਮਿੱਟੀ ਵਿਚ ਹੋਣਗੀਆਂ
ਸ੍ਰੀ ਦੱਤ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਅਪਾਹਿਜ ਲੋਕਾਂ ਦੀ ਸੇਵਾ ਕਰਨ ਅਤੇ ਵਾਤਾਵਰਣ ਦੀ ਰੱਖਿਆ ਕਰਨ ਵਿਚ ਗੁਜ਼ਾਰ ਦਿੱਤੀ। ਅੱਜਕੱਲ੍ਹ ਵੀ ਡਾ: ਬੀਬੀ ਇੰਦਰਜੀਤ ਕੌਰ ਦੀ ਅਗਵਾਈ ਹੇਠ ਪਿੰਗਲਵਾੜਾ ਵਾਤਾਵਰਣ ਦੀ ਸੰਭਾਲ ਲਈ ਵੱਡੇ ਉਪਰਾਲੇ ਕਰ ਰਿਹਾ ਹੈ। ਊਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਕਈ ਵੱਡੀਆਂ ਹਸਤੀਆਂ ਨੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਸਰਕਾਰ ਤੋਂ ਮੰਗ ਕੀਤੀ ਹੈ ਗਈ ਹੈ ਕਿ ਪੰਜਾਬ ਦੇ ਤਬਾਹ ਹੋ ਚੁਕੇ ਵਾਤਾਵਰਣ ਨੂੰ ਮੁੜ ਤੋਂ ਜਿਉਣ ਜੋਗਾ ਕਰਨ ਲਈ ਤੁਰਤ ਕਦਮ ਚੁੱਕੇ ਜਾਣ ਅਤੇ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਰਕਾਰੀ ਤੌਰ 'ਤੇ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਜਾਵੇ । ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਦੇ ਵਾਤਾਵਰਣ ਚਿੰਤਨ ਨੂੰ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਸ਼ਾਮਲ ਕਰਨ, ਵਾਤਾਵਰਣ ਸਬੰਧੀ ਮਾਮਲਿਆਂ ਦੀ ਨਿਗਰਾਨੀ ਲਈ ਵੱਖਰੀ ਕਾਰਪੋਰੇਸ਼ਨ ਬਣਾਉਣ, ਸਮੂਹ ਸਰਕਾਰੀ ਅਦਾਰਿਆਂ ਨੂੰ ਪੰਜਾਬ ਵਾਤਾਵਰਣ ਦਿਹਾੜਾ ਮਨਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਨ, ਜੰਗਲਾਤ ਹੇਠ ਰਕਬਾ ਵਧਾਉਣ ਲਈ ਜਨ ਚੇਤਨਾ ਦੇ ਲਿਆਉਣ ਲਈ ਉਪਰਾਲੇ ਕਰਨ, ਫਸਲਾਂ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਤੇ ਸਖ਼ਤੀ ਨਾਲ ਇਸਦੀ ਰੋਕਣ, ਰਾਜ ਅੰਦਰ ਜ਼ਹਿਰ ਮੁਕਤ ਕੁਦਰਤੀ ਖੇਤੀ ਕਰਨ ਦਾ ਪ੍ਰਚਾਰ ਕਰਨ ਅਤੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਵੀ ਸਖ਼ਤ ਕਦਮ ਚੁੱਕੇ ਜਾਣ।
ਇਸ ਚਿੱਠੀ 'ਤੇ ਪਦਮਸ੍ਰੀ ਪ੍ਰੋ: ਗੁਰਦਿਆਲ ਸਿੰਘ ਜੈਤੋ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸਰਸਵਤੀ ਪੁਰਸਕਾਰ ਪ੍ਰਾਪਤ ਸ਼ਾਇਰ ਸੁਰਜੀਤ ਪਾਤਰ, ਵਿਸ਼ਵ ਪ੍ਰਸਿੱਧ ਆਈ ਸਰਜਨ ਡਾ: ਦਲਜੀਤ ਸਿੰਘ, ਡਾ: ਜਗਮੋਹਨ ਸਿੰਘ, ਪੰਜਾਬੀ ਸੱੱੱਥ ਜਲੰਧਰ ਦੇ ਸੇਵਾਦਾਰ ਡਾ: ਨਿਰਮਲ ਸਿੰਘ, ਡਾ: ਬਲਬੀਰ ਸਿੰਘ ਭੌਰਾ, ਅਰਥ ਸ਼ਾਸਤਰੀ ਡਾ: ਸੁੱਚਾ ਸਿੰਘ ਗਿੱਲ ਅਤੇ ਡਾ: ਆਰ ਐੱਸ ਘੁੰਮਣ, ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਗੋਬਿੰਦ ਠੁਕਰਾਲ ਨੇ ਹਸਤਾਖ਼ਰ ਕੀਤੇ ਹਨ।

0 comments: