Friday, May 21, 2010

ਪੰਜਾਬੀਓ ! ਧੀਆਂ ਦੀ ਕਮਾਈ ਖਾਣਾ ਤੁਹਾਡਾ ਸੁਭਾਅ ਕਿਉਂ ਬਣ ਗਿਆ?


-ਹਰਮੇਲ ਪਰੀਤ
ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਮੁੰਡੇ ਕੁੜੀਆਂ ਨੂੰ ਵਿਦੇਸ਼ ਜਾਣ ਦਾ ਸ਼ੈਦਾਅ ਕੁੱਦਿਆ ਹੋਇਆ ਹੈ। ਹਰ ਛੋਟੇ ਵੱਡੇ ਪਿੰਡਾਂ ਵਿਚੋਂ ਕਈ ਕਈ ਮੁੰੰਡੇ ਕੁੜੀਆਂ ਆਈਲੈਟਸ ਦਾ ਕੋਰਸ ਕਰਦੇ ਦਿਖਾਈ ਦਿੰਦੇ ਹਨ। ਜਾਪਦਾ ਹੈ ਜੇਕਰ ਇਹ ਸਿਲਸਿਲਾ ਏਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਕੁੱਝ ਹੀ ਸਾਲਾਂ ਵਿਚ ਪੰਜਾਬ ਅੰਦਰ ਸਿਰਫ ਬਜ਼ੁਰਗ ਰਹਿ ਜਾਣਗੇ। ਡਾਲਰਾਂ ਦੀ ਹਵਸ ਵਿਚ ਅੰਨ੍ਹੇ ਹੋਏ ਲੋਕਾਂ ਨੇ ਆਪਣੀ ਸ਼ਰਮ, ਹਯਾ, ਸਭ ਕੁੱਝ ਵੇਚ ਖਾਧਾ ਹੈ। ਇਸ ਲਾਲਸਾ ਨੂੰ ਪੂਰਾ ਕਰਨ ਲਈ ਉਹ ਆਪਣੀਆਂ ਜਵਾਨ ਧੀਆਂ ਦੀ ਇੱਜ਼ਤ ਵੀ ਦਾਅ 'ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਕੁੜੀਆਂ ਨੂੰ ਫਰਜ਼ੀ ਵਿਆਹ ਰਚਾ ਕੇ ਵਿਦੇਸ਼ ਭੇਜਣ ਦਾ ਰੁਝਾਨ ਕਾਫੀ ਫੈਲ ਚੁੱਕਿਆ ਹੈ। ਕੁੜੀ ਆਈਲੈਟਸ ਕਰ ਲਵੇ ਤਾਂ ਕਿਸੇ ਪੈਸੇ ਵਾਲੇ ਮੁੰਡੇ, ਜਿਹੜਾ ਵਿਦੇਸ਼ ਜਾਣ ਦਾ ਇਛੱਕ ਹੁੰਦੈ, ਨਾਲ ਫਰਜ਼ੀ ਵਿਆਹ ਰਚਾਇਆ ਜਾਂਦਾ ਹੈ ਜੋ ਵਿਆਹ ਦਾ ਅਤੇ ਕੁੜੀ ਦੇ ਵਿਦੇਸ਼ ਜਾਣ ਦਾ ਸਾਰਾ ਖਰਚ ਝੱਲਦਾ ਹੈ।
ਮਨਸ਼ਾ ਏਨੀ ਕਿ ਕੁੜੀ ਬਾਹਰੋਂ ਡਾਲਰ ਕਮਾ ਕੇ ਭੇਜੇ, ਇਹਦੇ ਲਈ ਚਾਹੇ ਉਹ ਕੁੱਝ ਵੀ ਕਰੇ, ਹੱਡ ਭੰਨਵੀ ਮਿਹਨਤ ਕਰੇ, ਦੋਹਰੀ ਸ਼ਿਫਟ ਲਾਵੇ, ਰਾਤਾਂ ਦੀ ਨੀਂਦ ਜਾਗੇ ਤੇ ਭਾਵੇ ਆਪਣੀ ਇੱਜ਼ਤ ਦਾ ਮੁੱਲ ਵੱਟੇ। ਪਿਛਲਿਆਂ ਨੂੰ ਸਿਰਫ ਡਾਲਰ ਚਾਹੀਦੇ ਹਨ। ਜਿੰਨ੍ਹਾਂ ਨੂੰ ਰੁਪਇਆਂ ਵਿਚ ਵਟਾ ਕੇ ਉਹ ਆਪਣੇ ਸੁਪਨੇ ਹੀ ਨਹੀਂ ਸਗੋਂ ਹਵਸ ਪੂਰੀ ਕਰਨ। ਦੂਜੀ ਮਨਸ਼ਾ ਇਹ ਕਿ ਕੁੜੀ ਓਥੋਂ ਦੀ ਨਾਗਰਿਕਤਾ ਹਾਸਲ ਕਰਨ ਮਗਰੋਂ ਆਪਣੇ ਪਿਛਲਿਆਂ (ਅਜਿਹੇ ਲੋਕਾਂ ਨੂੰ ਮਾਪੇ ਕਹਿਣ ਨੂੰ ਤਾਂ ਦਿਲ ਨਹੀਂ ਮੰਨਦਾ) ਜਾਂ ਘੱਟੋ ਘੱਟ ਭਰਾ ਨੂੰ ਤਾਂ ਜ਼ਰੂਰ ਵਿਦੇਸ਼ ਸੱਦ ਲਵੇ। ਪੈਸੇ ਦੀ ਇਸ ਅੰੰਨ੍ਹੀ ਹਵਸ ਵਿਚ ਗੁਆਚੇ ਲੋਕਾਂ ਨੇ ਤਾਂ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਵੀ ਵਪਾਰ ਬਣਾ ਲਿਆ ਹੈ। ਅਖ਼ਬਾਰਾਂ ਵਿਚ .ਛਪਦੇ ਵਿਆਹ ਦੇ ਇਸ਼ਤਿਹਾਰਾਂ ਵਿਚ ਬੜੀ ਬੇਸ਼ਰਮੀ ਨਾਲ ਲਿਖਿਆ ਹੰੁੰੰਦੈ ਉਹੀ ਸੰਪਰਕ ਕਰਨ ਜਿਹੜੇ ਕੁੜੀ ਦੇ ਭਰਾ ਨੂੰ ਵਿਦੇਸ਼ ਵਿਚ ਸੈਟਲ ਕਰਵਾ ਸਕਣ।
ਆਸਟ੍ਰੇਲੀਆ ਵਰਗੇ ਮੁਲਕਾਂ ਤੋਂ ਜਿਹੜੀਆਂ ਖ਼ਬਰਾਂ ਸਾਡੇ ਤੱਕ ਦੂਜੇ ਤੀਜੇ ਦਿਨ ਪਹੁੰਚ ਰਹੀਆਂ ਹਨ, ਭਾਤਰੀਆਂ 'ਤੇ ਹਮਲਿਆਂ ਦੀਆਂ। ਉਹਦੇ ਇਲਾਵਾ ਹੋਰ ਬੜਾ ਕੁਝ ਹੈ ਜਿਸ ਨੂੰ ਪੜ੍ਹ ਸੁਣ ਕੇ ਮਨ ਪਸੀਜ਼ ਜਾਂਦਾ ਹੈ। ਆਸਟ੍ਰੇਲੀਆ ਵਿਚ ਪੰਜਾਬੀ ਕੁੜੀਆਂ ਵੱਲੋਂ ਵੇਸਵਾਪੁਣਾ ਕਰਨ ਬਾਰੇ ਪਿੱਛੇ ਜਿਹੇ ਖਾਸੀ ਚਰਚਾ ਚਲਦੀ ਰਹੀ ਹੈ। ਅੱਜ ਸਵੇਰੇ ਜਦੋਂ ਅਖ਼ਬਾਰ ਪੜ੍ਹਨ ਬੈਠਾ ਤਾਂ ਦੈਨਿਕ ਭਾਸਕਰ ਵਿਚ ਡਾ: ਹਰਸ਼ਿੰਦਰ ਕੌਰ ਦਾ ਇੱਕ ਆਰਟੀਕਲ ਮੁੱਖ ਪੰਨੇ 'ਤੇ ਨਜ਼ਰ ਆਇਆ। ਪੜ੍ਹਦਿਆਂ ਹੀ ਮਨ ਬੇਹੱਦ ਖਰਾਬ ਹੋਇਆ। ਡਾ: ਹਰਸ਼ਿੰਦਰ ਕੌਰ ਦੇ ਓਸ ਲੇਖ ਦਾ ਪੰਜਾਬੀ ਉਲੱਥਾ ਤੁਹਾਡੀ ਨਜ਼ਰ ਕਰ ਰਿਹਾ ਹਾਂ :
“ਜਦੋਂ ਮੈਨੂੰ ਪੰਜਾਬਣ ਆਫ ਦ ਈਯਰ 2009 ਦਾ ਐਵਾਰਡ ਬੈਲਮੌਂਟ ਸਵਿਸੇਜ਼ ਕਲੱਬ ਵਿਚ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਪਿਛਲੇ ਸਾਲ 15 ਨਵੰਬਰ ਨੂੰ ਮਨਜੀਤ ਬੋਪਰਾਏ ਜੀ ਦੇ ਹੱਥੋਂ ਦਿੱਤਾ ਗਿਆ , ਓਦੋਂ ਇਕ ਬੱਚੀ ਦਾ ਫੋਨ ਮੈਨੂੰ ਮਿਲਣ ਲਈ ਲਗਾਤਾਰ ਆ ਰਿਹਾ ਸੀ। ਜਦੋਂ ਮੈਂ ਫੋਨ 'ਤੇ ਓਸ ਨਾਲ ਗੱਲ ਕੀਤੀ ਤਾਂ ਉਹ ਫੁੱਟ ਫੁੱਟ ਕੇ ਰੋ ਪਈ ਤੇ ਆਖਣ ਲੱਗੀ, 'ਮੈਂ ਕੀ ਕਰਾਂ? ਮੈਂ ਤਿੰਨ ਦਿਨਾਂ ਤੋਂ ਭੁੱਖੀ ਹਾਂ। ਮਰਨਾ ਚਹੁੰਦੀ ਹਾਂ। ਜੀ ਕੀਤਾ ਮਰਨ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਵਾਂ ਤਾਂ ਕਿ ਆਪਣੀ ਕਲਮ ਨਾਲ ਮੇਰੇ ਤੇ ਮੇਰੇ ਵਰਗੇ ਹੋਰਾਂ ਦੀ ਦਾਸਤਾਨ ਲਿਖ ਸਕੋ ਅਤੇ ਉਸ ਨੂੰ ਪੜ੍ਹ ਕੇ ਕਿਸੇ ਲੜਕੀ ਦੀ ਜ਼ਿੰਦਗੀ ਬਚ ਸਕੇ। ਹੁਣ ਮੇਰੇ ਕੋਲ ਗੱਲ ਕਰਨ ਲਈ ਪੈਸੇ ਨਹੀਂ ਹਨ, ਤੁਸੀ ਮੈਨੂੰ ਆਪਣੇ ਵੱਲੋਂ ਫੋਨ ਕਰ ਲਓ।' ਮੈਂ ਓਸੇ ਨੰਬਰ 'ਤੇ ਫੋਨ ਕੀਤਾ ਤਾਂ ਕੁੱਝ ਦੇਰ ਬਾਅਦ ਫੋਨ ਚੁੱਕਿਆ ਗਿਆ ਤੇ ਉਹ ਦੁੱਖ ਭਰੀ ਠੰਢਾ ਹਉਕਾ ਲੈਂਦਿਆਂ ਬੋਲੀ, 'ਮੇਰੇ ਮਾਂ ਬਾਪ ਨੇ ਵਿਆਹ ਦੇ ਨਕਲੀ ਸਰਟੀਫਿਕੇਟ ਦੇ ਆਧਾਰ 'ਤੇ ਕਿਸੇ ਅਨਜਾਣ ਆਦਮੀ ਨਾਲ ਭੇਜ ਦਿੱਤਾ । ਉਹ ਆਦਮੀ ਨੇ ਮੇਰੇ ਜਿਸਮ ਦਾ ਜੋ ਹਾਲ ਕੀਤਾ ਹੈ, ਉਹ ਬਿਆਨ ਨਹੀਂ ਕਰ ਸਕਦੀ। ਜਦੋਂ ਮੈਂ ਵਿਰੋਧ ਕੀਤਾ ਤਾਂ ਮੈਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਘਰੋਂ ਬਾਹਰ ਕੱਢ ਦਿੱਤਾ। ਮੇਰੇ ਕੋਲ ਵਿਆਹ ਦਾ ਕੋਈ ਕਾਗਜ਼ ਨਹੀਂ ਅਤੇ ਉਸਨੇ ਪਾਸਪੋਰਟ ਵੀ ਨਹੀਂ ਦਿੱਤਾ। ਦਿਨ ਦਿਨ ਤੱਕ ਇੱਕ ਰੈਸਟੋਰੈਂਟ ਵਿਚ ਭਾਂਡੇ ਮਾਂਜੇ, ਪਰ ਉਸਦਾ ਕੋਈ ਪੈਸਾ ਨਹੀਂ ਮਿਲਿਆ। ਹੁਣ ਮੇਰੇ ਕੋਲ ਕੋਈ ਕੰਮ ਨਹੀਂ ਕਿਉਂ ਕਿ ਮੇਰੇ ਕੋਲ ਟ੍ਰੇਨਿੰਗ ਦਾ ਕੋਈ ਸਰਟੀਫਿਕੇਟ ਨਹੀਂ। ਭਾਂਡੇ ਮਾਂਜਦਿਆਂ ਮੈਂ ਉਨ੍ਹਾਂ ਵਿਚ ਬਚੀ ਜੂਠ ਖਾ ਕੇ ਦਿਨ ਗੁਜ਼ਾਰੇ। ਪਿਛਲੇ ਤਿੰਨਾਂ ਦਿਨਾਂ ਤੋਂ ਮੇਰੇ ਕੋਲ ਕੋਈ ਕੰਮ ਨਹੀਂ ਤੇ ਨਾ ਮੈਂ ਕੁੱਝ ਖਾਧਾ ਹੈ। ਇੱਕ ਦਿਨ ਇੱਕ ਗੋਰੇ ਮੁੰਡੇ ਨੇ ਮੈਨੂੰ ਬੁਲਾਇਆ, ਉਸ ਨੇ 10 ਡਾਲਰ ਦੇਣ ਦਾ ਵਾਅਦਾ ਕੀਤਾ ਪਰ ਸਵੇਰੇ ਗਾਲਾਂ ਕੱਢਕੇ ਮੈਨੂੰ ਭਜਾ ਦਿੱਤਾ।' ਉਸਦੀ ਦਰਦ ਕਹਾਣੀ ਸੁਣ ਕੇ ਮੈਂ ਉਸ ਤੋਂ ਉਸ ਦੇ ਘਰਦਿਆਂ ਦਾ ਅਤਾ ਪਤਾ ਪੁੱਛਿਆ, ਤਾਂ ਕਿ ਉਹਦੇ ਮਾਂ ਪਿਓ ਨਾਲ ਗੱਲਬਾਤ ਕਰਕੇ ਕੁੜੀ ਦੀ ਭਾਰਤ ਵਾਪਸੀ ਦਾ ਇੰਤਜ਼ਾਮ ਕੀਤਾ ਜਾ ਸਕੇ। ਪਰ ਮੇਰੇ ਸਵਾਲ 'ਤੇ ਉਹ ਫਿੱਕਾ ਜਿਹਾ ਹੱਸੀ, ਤੇ ਬੋਲੀ, 'ਕਿਹੜੇ ਮਾਂ ਪਿਓ, ਉਹਨਾਂ ਨੇ ਤਾਂ ਮੈਨੂੰ ਪੈਦਾ ਹੀ ਇਸ ਲਈ ਕੀਤਾ ਸੀ ਕਿ ਮੇਰੇ ਰਾਹੀਂ ਬਾਹਰ ਜਾ ਸਕਣ। ਹਫਤਾ ਕੁ ਪਹਿਲਾਂ ਮੈਂ ਜਦੋਂ ਉਨ੍ਹਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਮੇਰੇ ਦੁੱਖ ਸਮਝਣ ਦੀ ਥਾਂ ਉਨ੍ਹਾਂ ਨੇ ਵਿਚੋਂ ਵੀ ਟੋਕਕੇ ਕਿਹਾ ਤੈਨੂੰ ਗਈ ਨੂੰ ਚਾਰ ਮਹੀਨਿਆਂ ਤੋਂ ਜ਼ਿਆਦਾ ਹੋ ਗਏ ਨੇ, ਹੁਣ ਪੈਸੇ ਭੇਜਣ ਦੀ ਥਾਂ ਕਹਾਣੀਆਂ ਸੁਣਾ ਰਹੀ ਐਂ? ਬਹਾਨੇ ਨਾ ਬਣਾ, ਪੈਸੇ ਭੇਜ। ਤੈਨੂੰ ਭੇਜਣ ਲਈ ਜਿਹੜਾ ਕਰਜ਼ਾ ਲਿਆ ਸੀ, ਉਸਦੇ ਵਿਆਜ਼ ਦੀ ਕਿਸ਼ਤ ਸਿਰ 'ਤੇ ਹੈ। ਭਰਾ ਨੂੰ ਬਾਹਰ ਕਿਉਂ ਨਹੀਂ ਬੁਲਾ ਰਹੀ? ਉਹ ਆਵੇਗਾ, ਤਾਂ ਸਾਡਾ ਵੀ ਓਥੇ ਆਉਣ ਦਾ ਬੰਦੋਬਸਤ ਕਰੂਗਾ। ਇਸੇ ਵੇਲੇ ਪੰਜਾਬ ਆਉਣ ਦੀ ਗੱਲ ਕੀਤੀ ਤਾਂ ਗਲਾ ਘੁੱਟ ਦਿਆਂਗੇ।' ਮੈਂ ਆਸਟ੍ਰੇਲੀਆ 'ਚ ਵੱਸੇ ਪੰਜਾਬੀ ਭਾਈਚਾਰੇ ਨਾਲ ਇਸ ਬਾਰੇ ਗੱਲਕੀਤੀ ਤਾਂ ਪਤਾ ਲੱਗਿਆ ਕਿ ਇਥੇ ਤਾ ਅਖ਼ਬਾਰਾਂ ਵਿਚ ਹਫਤੇ -ਦਸ ਦਿਨਾ ਵਿਚ ਅਜਿਹੀ ਕੋਈ ਨਾ ਕੋਈ ਖ਼ਬਰ ਛਪਦੀ ਰਹਿੰਦੀ ਦਹੈ। ਪਹਿਲਾਂ ਉਹ ਲੋਕ ਪੜ੍ਹਨ ਜਾਂ ਕੰਮ ਲੱਭਣ ਆਈਆਂ ਅਜਿਹੀਆਂ ਕੁੜੀਆਂ ਦੀ ਮੱਦਦ ਵੀ ਕਰਦੇ ਸੀ। ਪਰ ਹੁਣ ਅਜਿਹੀਆਂ ਕੁੜੀਆਂ ਦੀ ਗਿਣਤੀ ਬੇਹਿਸਾਬ ਹੈ। ਕਿਸ ਕਿਸ ਦੀ ਮੱਦਦ ਕੀਤੀ ਜਾਵੇ? ਉਹ 'ਬਾਹਰ' ਦੀ ਚਕਾਚੌਂਧ ਦੀ ਕਹਾਣੀ ਹੈ। ਕੁੱਝ ਲੋਕ ਮੈਨੂੰ ਇੱਕ ਗਲੀ ਦਿਖਾਉਣ ਲੈ ਗਏ, ਜਿੱਥੇ ਹਿੰਦੁਸਤਾਨੀ ਮੁੰਡੇ ਕੁੜੀਆਂ ਦੀ ਭਰਮਾਰ ਹੈ। ਸਭਕੋਲ ਦੀ ਅਜਿਹੀ ਦਰਦ ਭਰੀ ਕਹਾਣੀ ਸੀ। ਨੁੱਕਰ ਵਿਚ ਖੜ੍ਹੀ ਇੱਕ ਕੁੜੀ ਸਾਡੇ ਬਿਨਾਂ ਕੁੱਝ ਪੁੱਛੇ ਬਿਨਾ ਹੀ ਬੋਲੀ, ' ਭਾਈ ਸਾਬ੍ਹ ! ਤੁਸੀ. ਕਿੰਨਿਆਂ ਦੀ ਮੱਦਦ ਕਰੋਗੇ। ਅਜਿਹਾ ਨਹੀਂ ਕਿ ਗੋਰੇ ਹੀ ਕਸੂਰਵਾਰ ਨੇ, ਇੱਕ ਭਾਰਤੀ ਹੋਟਲ ਮਾਲਕ ਨੇ ਪਹਿਲੇ ਹੀ ਦਿਨ ਮੇਰੇ ਨਾਲ ਜਬਰਦਸਤੀ ਕੀਤੀ। ਤੁਸੀਂ ਮੱਦਦ ਕੀਤੀ, ਪਰ ਕਦੋਂ ਤੱਕ ਕਰੋਗੇ?' ਉਹ ਮੇਰੇ ਨਾਲ ਗਏ ਇੱਕ ਐਨ.ਆਰ.ਆਈ ਸੱਜਣ ਨੂੰ ਜਾਣਦੀ ਸੀ, 'ਤੁਸੀਂ ਅਖ਼ਬਾਰ ਛਾਪਦੇ ਹੋ, ਉਸ ਰਾਹੀਂ ਹਿੰਦੁਸਤਾਨੀ ਲੋਕਾਂ ਨੂੰ ਅਪੀਲ ਕਰੋ ਕਿ ਉਹ ਆਪਣੀਆ ਧੀਆਂ ਨੂੰ ਇਸ ਨਰਕ ਵਿਚ ਨਾ ਭੇਜਣ। ਪੜ੍ਹਾਈ ਲਈ ਆਉਣ ਵਾਲੀਆਂ ਜ਼ਿਆਦਾਤਰ ਕੁੜੀਆਂ ਨੂੰ ਚਾਹੇ-ਅਣਚਾਹੇ ਜਿਸਮਫਰੋਸ਼ੀ ਕਰਨੀ ਪੈਂਦੀ ਹੈ।”
ਪੰਜਾਬੀਓ! ਕਿੱੱਧਰ ਗਈ ਤੁਹਾਡੀ ਗ਼ੈਰਤ? ਕੀ ਤੁਹਾਡੀ ਗ਼ੈਰਤ ਓਦੋਂ ਹੀ ਜਾਗਦੀ ਹੈ ਜਦੋਂ ਦੋ ਪਿਆਰ ਕਰਨ ਵਾਲੇ, ਆਪਣੀ ਮਰਜ਼ੀ ਨਾਲ ਪਿਆਰ ਵਿਆਹ ਕਰ ਲੈਂਦੇ ਹਨ? ਕੀ ਤੁਹਾਡੀ ਅਣਖ਼ ਡਾਲਰਾਂ ਦੀ ਰਖ਼ੈਲ ਬਣ ਚੁੱਕੀ ਹੈ? ਆਪਣੇ ਅੰਦਰ ਝਾਤੀ ਮਾਰਕੇ ਦੇਖੋ। ਨਹੀਂ ਤਾਂ ਤੁਹਾਡੀਆਂ ਧੀਆਂ ਕੋਲ ਇੱਕੋ ਹੱਲ ਬਚੇਗਾ, ਬਗਾਵਤ।

2 comments:

surjit said...

Akhaan bhar ayeean kurian dee honi da hal pad ke. Ki ih article tusan kise news paper vich vee chhapvayia hai ? Lokan nu lalch ton uth ke insaniat de nate sochna chahida hai ? Aj kal dian kudian nu vee chahida hai ki iho jihe faisle karn ton pehlan soch lain. Ki apne des dee sadharn jindagi prostitution nalon kite changi nahi ? Tuhadi kalam dee umar lambi hove !

Deep Jagdeep Singh said...

ਘਟਨਾਵਾਂ ਨਾਲ ਰੂ-ਬ-ਰੂ ਕਰਵਾਉਣ ਲਈ ਸ਼ੁਕਰੀਆ।