Monday, June 7, 2010

ਨੌਜਵਾਨਾਂ ਦੀ ਬੇੜੀ 'ਚ ਵੱਟੇ ਪਾ ਰਹੀ ਹੈ ਅਜੌਕੀ ਗਾਇਕੀ

-ਹਰਮੇਲ ਪਰੀਤ

ਪਿਛਲੇ ਸਾਲ ਮੁਕਤਸਰ 'ਚ ਕੁੱਝ ਮੁੰਡਿਆਂ ਵੱਲੋਂ ਵਿਦਿਆਰਥਣਾਂ ਦੀ ਬੱਸ 'ਤੇ ਹਮਲਾ, ਪਿਛਲੇ ਦਿਨੀਂ ਜੈਤੋ ਨੇੜਲੇ ਪਿੰਡ ਭਗਤੂਆਣਾ ਦੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਛੇੜਖਾਨੀ ਤੇ ਹੁਣੇ ਜਿਹੇ ਅੰਮ੍ਰਿਤਸਰ ਵਿਖੇ ਕੁੜੀਆਂ ਨਾਲ ਛੇੜਖਾਨੀ ਕਰਨੋਂ ਰੋਕਣ 'ਤੇ ਦੋ ਮੁੰਡਿਆਂ ਵੱਲੋਂ ਪੁਲਿਸ ਦੇ ਐਸ ਪੀ 'ਤੇ ਗੋਲੀ ਚਲਾਉਣ ਦੀ ਘਟਨਾ। ਇਨ੍ਹਾਂ ਤਿੰਨਾਂ ਘਟਨਾਵਾਂ ਵਿਚ ਕਾਫੀ ਸਮਾਨਤਾ ਹੈ। ਉਂਜ ਛੇੜਖਾਨੀ ਦੀਆਂ ਇਹ ਕੋਈ ਤਿੰਨ ਹੀ ਘਟਨਾਵਾਂ ਨਹੀਂ ਸਗੋਂ ਹਰ ਦਿਨ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਏਥੇ ਉਦਾਹਰਣ ਵਜੋਂ ਦਰਸਾਈਆਂ ਗਈਆਂ ਇਨ੍ਹਾਂ ਤਿੰਨਾਂ ਘਟਨਾਵਾਂ ਨੂੰ ਓਸੇ ਤਰ੍ਹਾਂ ਅੰਜ਼ਾਮ ਦਿੱਤਾ ਗਿਆ ਜਿਵੇਂ ਅੱਜ ਕੱਲ੍ਹ ਦੇ ਗੀਤਾਂ ਵਿਚ ਦਿਖਾਇਆ ਜਾ ਰਿਹਾ ਹੈ। ਇਸ ਕਰਕੇ ਇਨ੍ਹਾਂ ਘਟਨਾਵਾਂ ਲਈ ਅਸੀਂ ਜੇਕਰ ਸਿਰਫ ਉਨ੍ਹਾਂ ਕੁੱਝ ਸਿਰਫਿਰੇ ਮੁੰਡਿਆਂ ਨੂੰ ਹੀ ਦੋਸ਼ ਦੇਈਏ ਤਾਂ ਅਸੀਂਂ ਅਨਿਆ ਹੀ ਕਰ ਰਹੇ ਹੋਵਾਂਗੇ। ਜੇਕਰ ਮਾਮਲੇ ਦੀ ਜੜ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਵਰਤਾਰੇ ਲਈ ਅਸਲ ਵਿਚ ਸਾਡੀ ਅਜੋਕੀ ਬੇਤੁਕੀ ਗਾਇਕੀ ਅਤੇ ਗੀਤਾਂ ਦਾ ਲੱਚਰ ਤੇ ਭਰਮਾਊ ਫਿਲਮਾਂਕਣ ਵੀ ਜ਼ਿੰਮੇਂਵਾਰ ਹੈ।
ਟੀ.ਵੀ ਚੈਨਲਾਂ ਦੀ ਭਰਮਾਰ ਦੇ ਇਸ ਦੌਰ ਵਿਚ ਬਹੁਤ ਸਾਰੇ ਚੈਨਲ ਸਿਰਫ ਮਨੋਰੰਜਕ ਚੈਨਲ ਹਨ। ਜਿਹੜੇ ਸਾਰਾ ਦਿਨ ਗੀਤ ਸੰਗੀਤ ਹੀ ਦਿਖਾਉਂਦੇ ਹਨ। ਗੀਤ ਦਿਖਾਉਣ ਲੱਗਿਆਂ ਉਹ ਆਪਣੀਆਂ ਸਾਰੀਆਂ ਸਮਾਜਿਕ ਜ਼ਿੰਮੇਂਦਾਰੀਆਂ ਨੂੰ ਵਿਸਾਰ ਦਿੰਦੇ ਹਨ। ਸਿਰਫ ਪੈਸਾ ਕਮਾਉਣਾ ਹੀ ਇੱਕ ਮਾਤਰ ਨਿਸ਼ਾਨਾ ਹੈ, ਗਾਇਕਾਂ ਦਾ ਵੀ, ਕੰਪਨੀਆਂ ਦਾ ਵੀ ਤੇ ਇਨ੍ਹਾਂ ਟੀ. ਵੀ ਚੈਨਲਾਂ ਦਾ ਵੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਗਾਇਕੀ ਜਿਸ ਰਾਹੇ ਪਈ ਹੋਈ ਹੈ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਹਥਿਆਰਾਂ ਤੇ ਹੋਰ ਜ਼ੁਰਮਾਂ ਦੀ ਐਸੀ ਦਲਦਲ ਵਿਚ ਧੱਕਣ ਵਾਲਾ ਹੈ, ਜਿਸ ਵਿਚੋਂ ਬਚਕੇ ਨਿੱਕਲਣਾ ਬਹੁਤ ਮੁਸ਼ਕਿਲ ਹੋਵੇਗਾ ਤੇ ਇਸ 'ਅਣਹੋਣੀ' ਦਾ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਏਗਾ। ਇਸ ਨੁਕਸਾਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪਿਛਲੇ ਦਿਨੀਂ ਓਸੇ ਵੇਲੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕਣ ਲੱਗੀ ਜਦੋਂ ਮੈਂ ਰਾਹ ਜਾਂਦੇ ਇੱਕ 7-8 ਸਾਲ ਦੀ ਕੁੜੀ ਨੂੰ ਮਿਸ ਪੂਜਾ ਦਾ ਗੀਤ 'ਬਾਜੀ ਲੈ ਗਿਆ ਬਠਿੰਡੇ ਵਾਲਾ ਗੱਭਰੂ… . . 'ਗੁਣ ਗੁਣਾਉਂਦਿਆਂ ਸੁਣਿਆਂ। ਮੈਂ ਸੋਚ ਰਿਹਾ ਸੀ ਕਿ ਭਵਿੱਖ ਵਿੱਚ ਅਜਿਹੇ ਗੀਤ ਸੁਣ-ਸੁਣ ਜਵਾਨ ਹੋਣ ਵਾਲੀ ਉਸ ਕੁੜੀ ਦੀ ਸੋਚ ਭਲਾਂ ਕਿਹੜਾ ਰੁਖ਼ ਅਖ਼ਤਿਆਰ ਕਰੇਗੀ?
ਆਟੇ 'ਚ ਲੂਣ ਵਰਗੇ 2-3 ਫੀਸਦੀ ਚੰਗੇ ਗੀਤਾਂ ਨੂੰ ਛੱਡ ਕੇ ਬਾਕੀ ਸਭ ਗੀਤ ਪਤਾ ਨਹੀਂ ਅਣਜਾਣੇ ਜਾਂ ਕਿਸੇ ਖਾਸ ਸਾਜਿਸ਼ ਤਹਿਤ ਉਪਭੋਗਤਾਵਾਦ, ਨਸ਼ਿਆਂ, ਹਥਿਆਰਾਂ ਤੇ ਹੋਰ ਜਹਾਨ ਭਰ ਦੀਆਂ ਮਾੜੀਆਂ ਆਦਤਾਂ ਨੂੰ ਜੀਵਨ ਦਾ ਜ਼ਰੂਰੀ ਪਹਿਲੂ ਬਣਾ ਕੇ ਪੇਸ਼ ਕਰ ਰਹੇ ਹਨ। ਆਖ਼ਰ ਘਰਦਿਆਂ ਤੋਂ ਚੋਰੀ ਅੱਧੀ ਰਾਤ ਨੂੰ ਮੁੰਡੇ ਕੁੜੀਆਂ ਨੂੰ ਮਿਲਣ ਦੀਆਂ ਤਰਕੀਬਾਂ ਦੱਸਦੇ, ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮਿਲਣ ਦਾ ਗੁਰ ਸਮਝਾਉਂਦੇ, ਆਪਸ ਵਿਚ ਵੱਢ-ਵੱਢ ਮਰਨ, ਦਾਰੂ ਪੀ ਕੇ ਲਲਕਾਰੇ ਮਾਰਨ, ਕਿਸੇ ਦੀ ਪਰਵਾਹ ਨਾ ਕਰਨ, ਤਰ੍ਹਾਂ ਤਰ੍ਹਾਂ ਦੇ ਮੋਟਰਸਾਈਕਲ/ ਮੋਬਾਈਲ ਖਰੀਦਣ ਦਾ ਪ੍ਰਚਾਰ ਕਰਦੇ, ਕਿਸੇ ਵੱਢੇ ਛੋਟੇ, ਸਮਾਜ ਜਾਂ ਕਾਨੂੰਨ ਦੀ ਪ੍ਰਵਾਹ ਨਾ ਕਰਨ ਦੀ ਸਿੱਖਿਆ ਦਿੰਦੇ ਇਹ ਗੀਤ ਭਲਾ ਪੰਜਾਬੀ ਨੌਜਵਾਨੀ ਨੂੰ ਕਿਸ ਪਾਸੇ ਲੈ ਜਾ ਰਹੇ ਹਨ। ਇਹ ਸਮਝਣਾ ਔਖਾ ਨਹੀਂ।
ਜਦੋਂ ਅਸੀਂ ਅਜਿਹੇ ਗੀਤਾਂ 'ਤੇ ਕਿੰਤੂ ਕਰਦੇ ਹਾਂ ਤਾਂ ਸਾਡਾ ਮਤਲਬ ਜ਼ਿੰਦਗੀ 'ਚੋਂ ਰੁਮਾਂਸ ਨੂੰ ਮਨਫੀ ਕਰਨਾ ਕਤੱਈ ਨਹੀਂ ਹੁੰਦਾ। ਨਾ ਹੀ ਅਸੀਂ ਸਾਫ ਸੁਥਰੇ ਰੁਮਾਂਟਿਕ ਗੀਤਾਂ ਦੀ ਮੁਖ਼ਾਲਫਿਤ ਕਰ ਰਹੇ ਹੁੰਦੇ ਹਾਂ। ਸਗੋਂ ਅਸੀਂ ਤਾਂ ਗਾਇਕੀ ਵਿਚ ਰੁਮਾਂਸ ਦੇ ਨਾਂਅ 'ਤੇ ਪਰੋਸੀ ਜਾ ਰਹੀ ਅਸ਼ਲੀਤਾ ਤੇ ਬੇ-ਹਯਾਈ ਵਿਰੁੱਧ ਜੰਗ ਦਾ ਐਲਾਨ ਕਰਦੇ ਹਾਂ। ਹੈਰਾਨੀ ਤਾਂ ਓਦੋਂ ਹੁੰਦੀ ਹੈ ਜਦੋਂ ਪੰਜਾਬੀ ਸੱਭਿਆਚਾਰ ਨੂੰ ਗੰਧਲਾ ਕਰਨ ਵਾਲੇ ਇਹ ਗਾਇਕ ਹਿੱਕ ਠੋਕ ਕੇ ਆਪਣੀਆਂ ਇਹਨਾਂ ਕਰਤੂਤਾਂ ਦਾ ਠੀਕਰਾ ਨੌਜਵਾਨ ਪੀੜ੍ਹੀ ਜਾਂ ਸੁਣਨ ਵਾਲਿਆਂ ਦੇ ਸਿਰ ਭੰਨਕੇ ਆਪਣੇ ਆਪ ਨੂੰ ਬਰੀ ਕਰ ਲੈਂਦੇ ਹਨ। ਓਪਰੀ ਨਜ਼ਰੇ ਇਹ ਗੱਲ ਦਰੁਸਤ ਲੱਗਦੀ ਹੈ, ਪਰ ਇਸ ਨੂੰ ਹੋਰ ਡੂੰਘਾਈ ਨਾਲ ਘੋਖਣ ਦੀ ਲੋੜ ਹੈ। ਇਹ ਠੀਕ ਹੈ ਕਿ ਅੱਲ੍ਹੜ ਵਰੇਸ ਜਾਂ ਜੋਬਨ ਰੁੱਤੇ ਵਰਜਿਤ ਫਲ ਖਾਣ ਦੀ ਇੱਛਾ ਤੀਬਰ ਹੁੰਦੀ ਹੈ। ਪਰ ਗਾਇਕਾਂ ਦਾ ਕੰਮ ਇਹ ਨਹੀਂ ਕਿ ਉਹ ਬਲਦੀ ਉਤੇ ਤੇਲ ਪਾ ਕੇ ਨੌਜਵਾਨੀ ਨੂੰ ਤਬਾਹੀ ਦੇ ਰਾਹ ਤੋਰ ਦੇਣ। ਸਗੋਂ ਲਾਲ ਚੰਦ ਯਮਲਾ ਜੱਟ ਵਾਂਗ, 'ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਂਗਾ, ਓਨੇ ਲਵੇਂਗਾ ਨਜ਼ਾਰੇ ਜਿੰਨਾ ਰੁੱਕ ਜਾਵੇਂਗਾ।' ਵਰਗੇ ਗੀਤਾਂ ਨਾਲ ਠੀਕ ਰਾਹ ਤੋਰਨ ਦਾ ਤਰੱਦਦ ਕਰਨਾ ਚਾਹੀਦਾ ਹੈ। ਪਰ ਅੱਜ ਪੰਜਾਬ ਦੀ ਧਰਤੀ 'ਤੇ ਗਾਇਕਾਂ ਦੀ ਜਿਹੜੀ ਹੇੜ੍ਹ ਤੁਰੀ ਫਿਰਦੀ ਹੈ, ਉਹਦੇ ਵਿੱਚੋਂ ਕਿੰਨੇ ਕੁ ਫ਼ਨਕਾਰ ਕਹਾਉਣ ਦੇ ਹੱਕਦਾਰ ਹਨ, ਅਸੀਂ ਸਭ ਜਾਣਦੇ ਹਾਂ ਤੇ ਉਹ ਆਪ ਵੀ ਚੰਗੀ ਤਰ੍ਹਾਂ ਆਪਣੀ ਔਕਾਤ ਤੋਂ ਜਾਣੂੰ ਹਨ।
ਵਰਤਮਾਨ ਪੰਜਾਬੀ ਗਾਇਕੀ ਨੇ ਨੌਜਵਾਨਾਂ ਨੂੰ ਸਮਾਜ, ਸਮਾਜਿਕ ਸਮੱਸਿਆਵਾਂ, ਲੋਕਾਂ ਦੇ ਦੁੱਖ ਸੁੱਖ ਬਾਰੇ ਸੋਚਣ ਦੇ ਸਮਰੱਥ ਨਹੀ ਰਹਿਣ ਦਿੱਤਾ। ਸਗੋਂ ਉਨ੍ਹਾਂ ਨੂੰ ਅਪਰਾਧੀ ਬਣਾਉਣ ਵਿਚ ਵੱਡੀ ਭੁਮਿਕਾ ਨਿਭਾਈ ਹੈ। ਕਾਲਜਾਂ ਦੀ ਮਿੱਟੀ ਪਲੀਤ ਕਰਨ ਤੋਂ ਬਾਅਦ ਇਨ੍ਹਾਂ ਨੇ ਰਿਸ਼ਤਿਆਂ ਦੀ ਮਿੱਟੀ ਵੀ ਚੰਗੀ ਤਰ੍ਹਾਂ ਪੁੱਟੀ ਹੈ। ਅਮਰ ਅਰਸ਼ੀ ਨਾਂਅ ਦਾ ਇਕ ਗਾਇਕ ਆਪਣੇ ਗੀਤ ਵਿਚ ਅਜਿਹਾ ਕਾਰਨਾਮਾ ਕਰਦਿਆਂ ਆਪਣੀ ਪ੍ਰੇਮਿਕਾ ਦੀ ਮਾਂ ਨਾਲ ਹੀ ਫੋਨ 'ਤੇ ਗੱਲ ਕਰਕੇ ਉਸ ਨਾਲ ਹੀ ਮੁਲਾਕਾਤ ਦਾ ਟਾਈਮ ਤੈਅ ਕਰਦਾ ਹੈ। ਹੋਰ ਵੀ ਅਨੇਕ ਹਨ ਜੇਕਰ ਸਭ ਦਾ ਜ਼ਿਕਰ ਕਰਨ ਬੈਠੀਏ ਤਾਂ ਸੂਚੀ ਬਹੁਤ ਲੰਮੀ ਹੋ ਜਾਣੀ ਹੈ।
ਇਸ ਤਰ੍ਹਾਂ ਦੇ ਗੀਤਾਂ ਨੂੰ ਪ੍ਰਮੋਟ ਕਰਨ ਵਿਚ ਸਿਰਫ ਨਿੱਜੀ ਚੈਨਲ ਹੀ ਪੇਸ਼ ਪੇਸ਼ ਨਹੀਂ, ਸਗੋਂ ਦੂਰਦਰਸ਼ਨ ਵੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਦੂਰਦਰਸ਼ਨ ਦੇ ਪ੍ਰਾਯੋਜਤ ਪ੍ਰੋਗਰਾਮਾਂ ਵਿਚ ਵੀ ਅਜਿਹੇ ਹੀ ਗੀਤਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਹਾਲਤ 'ਇੱਕ ਨੂੰ ਕੀ ਰੋਨੀ ਆ, ਊਤ ਗਿਆ ਆਵਾ' ਵਾਲੀ ਬਣੀ ਹੋਈ ਹੈ।
ਇਹ ਸਮਾਜ ਦੇ ਚੇਤਨ ਵਰਗ ਲਈ ਸੋਚਣ ਦਾ, ਸਗੋਂ ਤੁਰੰਤ ਕੁੱਝ ਕਰਨ ਦਾ ਮੌਕਾ ਹੈ। ਪਰ ਦੁੱਖ ਦੀ ਗੱਲ ਹੈ ਕਿ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪੰਜਾਬੀ ਤੇ ਵੱਡੇ ਹੇਜੀਆਂ ਨੇ ਕਦੇ ਇਸ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ। ਕਦੇ ਕਿਸੇ ਸਾਹਿਤ ਸਭਾ, ਲੇਖਕ ਜੱਥੇਬੰਦੀ, ਜਾਂ ਸੱਭਿਆਚਾਰਕ ਸੰਠਗਨ ਨੇ ਇਸ ਗੰਦੀ ਗਾਇਕੀ ਦੇ ਵਿਰੁੱਧ ਕਿਸੇ ਟੀਵੀ ਚੈਨਲ ਸਾਹਮਣੇ ਧਰਨਾ ਨਹੀਂ ਲਾਇਆ, ਮੁਜ਼ਾਹਰਾ ਨਹੀ ਕੀਤਾ। ਕੋਈ ਵਫਦ ਕਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ, ਦੂਰਦਰਸ਼ਨ ਦੇ ਡਾਇਰੈਕਟਰ ਜਾਂ ਹੋਰ ਚੈਨਲਾਂ ਦੇ ਅਧਿਕਾਰੀਆਂ ਨੂੰ ਨਹੀਂ ਮਿਲਿਆ। ਸਗੋਂ ਇਹਦੇ ਐਨ ਉਲਟ ਇਹ ਲੋਕ ਓਸੇ ਬੰਦੇ 'ਤੇ ਉਂਗਲ ਧਰਨ ਲੱਗਦੇ ਹਨ ਜਿਹੜਾ ਮਾੜਾ ਜਿਹਾ ਚੰਗਾ ਕੁੱਝ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੇ ਬੱਬੂ ਮਾਨ ਦੇ ਹਾਲ ਹੀ ਵਿਚ ਕੀਤੇ ਕੁੱਝ ਚੰਗੇ ਤਜ਼ਰਬੇ ਹੋਣ ਜਾਂ ਸਤਿੰਦਰ ਸਰਤਾਜ ਦਾ ਸਾਫ ਸੁਥਰੀ ਗਾਇਕੀ ਦਾ ਉਪਰਾਲਾ। ਉਦਾਹਰਨ ਵਜੋਂ ਸਾਡੇ ਇਨ੍ਹਾਂ ਲੇਖਕਾਂ, ਆਲੋਚਕਾਂ ਨੂੰ ਬੱਬੂ ਮਾਨ ਤੇ ਸਤਿੰਦਰ ਸਰਤਾਜ ਦਾ ਕੀਤਾ ਚੰਗਾ ਕੰਮ ਪਤਾ ਨਹੀ ਕਿਉਂ ਦੁਖੀ ਕਰਦਾ ਹੈ, ਤੇ ਉਹ ਲਗਾਤਾਰ, ਇੱਕ ਮੁਹਿੰਮ ਚਲਾ ਕੇ ਉਸ ਵਿਚ ਮੀਨ ਮੇਖ ਕੱਢਣ ਲੱਗਦੇ ਹਨ। ਪਰ ਇਨ੍ਹਾਂ ਨੂੰ ਮਿਸ ਪੂਜਾ, ਪ੍ਰੀਤ ਬਰਾੜ ਤੇ ਅਜਿਹੇ ਸੈਆਂ ਹੋਰਾਂ ਵੱਲੋਂ ਲਗਾਤਾਰ ਮਾਰਕੀਟ ਵਿਚ ਲਿਆਂਦੇ ਜਾ ਰਹੇ ਮਾੜੇ ਗੀਤ ਚਿੰਤਤ ਨਹੀਂ ਕਰਦੇ।
ਹੁਣ ਸਮਾਂ ਹੈ ਕਿ ਲੋਕ ਜਾਗਣ। ਅਜਿਹੇ ਗਾਇਕਾਂ ਦਾ ਡਟਵਾਂ ਵਿਰੋਧ ਕਰਨ। ਆਲੋਚਕਾਂ ਤੇ ਸਮੀਖਿਅਕਾਂ ਨੂੰ ਬਹੁਤਾ ਚੰਗਾ ਕਰਨ ਵਾਲਿਆਂ ਦੀਆਂ ਛੋਟੀਆਂ ਗਲਤੀਆਂ ਨੂੰ ਉਭਾਰਨ ਤੋਂ ਪਹਿਲਾਂ ਇੱਕ ਅੱਧ ਚੰਗਾ ਗੀਤ ਗਾ ਕੇ, ਗੰਦੀ ਤੇ ਅਸ਼ਲੀਲ ਗਾਇਕੀ ਦਾ ਮੀਂਹ ਵਰਸਾਉਣ ਵਾਲਿਆਂ ਨਾਲ ਨਜਿੱਠਣਾ ਚਾਹੀਦੈ। ਆਮ ਲੋਕ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦਾ ਖਿਆਲ ਕਰਨ। ਨਹੀਂ ਤਾਂ ਪਛਤਾਵੇ ਤੋਂ ਇਲਾਵਾ ਸਾਡੇ ਪੱਲੇ ਕੁੱਝ ਵੀ ਨਹੀਂ ਬਚਣਾ।
ਈ-ਮੇਲ : harmailpreet0gmail.com

0 comments: