Sunday, February 27, 2011

ਅੱਤਵਾਦ ਤੋਂ ਵੀ ਖ਼ਤਰਨਾਕ ਹੈ ਅਜੋਕੀ ਪੰਜਾਬੀ ਗਾਇਕੀ

ਪੰਜਾਬੀ ਗਾਇਕੀ ਵਿਚ ਅੱਜ ਜੋ ਕੁੱਝ ਲਿਖਿਆ, ਗਾਇਆ ਤੇ ਦਿਖਾਇਆ ਜਾ ਰਿਹਾ ਹੈ ਉਹ ਸੱਚਮੁੱਚ ਸੋਚਣ ਦਾ ਸਭ ਤੋਂ ਅਹਿਮ ਵਿਸ਼ਾ ਹੈ। ਅਜੋਕੀ ਗਾਇਕੀ ਰੂਹ ਨੂੰ ਸਕੂਨ ਦੇਣ ਦੀ ਬਜਾਏ ਤੜਫ਼ਾ ਰਹੀ ਹੈ। ਸੱਚਪੁੱਛੋ ਤਾਂ ਇਹ ਸੰਗੀਤਕ ਅੱਤਵਾਦ ਹੈ ਜਿਹੜਾ ਸਾਡੀ ਨਵੀਂ ਪੀੜ੍ਹੀ ਦਾ ਘਾਣ ਕਰੀ ਜਾ ਰਿਹਾ ਹੈ। ਹਰ ਰੋਜ਼ ਉੱਠਦੇ ਨਵੇਂ ਗਾਇਕ ਬਿਨ ਕੁੰਡੇ ਦੇ ਹਾਥੀ ਵਾਂਗੂੰ ਕੁੱਝ ਵੀ ਊਲ ਜਲੂਲ ਗਾਈ ਜਾਂਦੇ ਹਨ। ਪੈਸੇ ਦੀ ਹਵਸ ਵਿਚ ਆਪਣੀਆਂ ਸਮਾਜਿਕ ਜਿੰਮੇਂਵਾਰੀਆਂ ਤੋਂ ਭਟਕੇ ਟੀ.ਵੀ. ਚੈਨਲ ਇਹ ਗੰਦੇ, ਘਟੀਆ, ਬਜ਼ਾਰੂ, ਬੇਅਕਲੀ ਨਾਲ ਲਬਰੇਜ਼ ਗੀਤ ਦਿਖਾਈ ਧੜਾ-ਧੜ ਦਿਖਾਈ ਜਾਂਦੇ ਹਨ। ਲੜਾਈ ਮਾਰ ਕੁਟਾਈ, ਲੱਚਰ ਕਿਸਮ ਦੀ ਸ਼ਬਦਾਵਲੀ, ਘਟੀਆ ਫਿਲਮਾਂਕਣ ਵਾਲੇ ਇਨ੍ਹਾਂ ਗੀਤਾਂ ਦਾ ਅੱਲੜ੍ਹ ਉਮਰ ਦੇ ਸਰੋਤਿਆਂ/ਦਰਸ਼ਕਾਂ 'ਤੇ ਕੀ ਅਸਰ ਪੈਂਦਾ ਹੈ, ਇਹ ਕੋਈ ਸੋਚਣ ਦੀ ਲੋੜ ਨਹੀਂ ਸਮਝਦਾ। ਹੈਰਾਨੀਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਚੰਗੇ ਭਲੇ ਗੀਤਾਂ ਨਾਲ ਸ਼ੁਰੂਆਤ ਕਰਨ ਤੇ ਸਫਲ ਵੀ ਹੋਣ ਤੋਂ ਬਾਅਦ ਵੀ ਸਾਡੇ ਗਾਇਕ ਆਪਣੇ ਮੱਥੇ ਤੇ ਘਟੀਆ ਤੇ ਲੱਚਰ ਗਾਇਕ ਦਾ ਠੱਪਾ ਲਵਾਉਣ ਲੱਗੇ ਰੱਤੀ ਭਰ ਨਹੀਂ ਸੋਚਦੇ। ਜੱਸੀ ਸੋਹਲ ਨਾਂਅ ਦਾ ਗਾਇਕ ਵੀ 'ਬਾਪੂ ਕਹਿੰਦਾ ਰਾਜ਼ੀਨਾਮਾ ਨਹੀਂ ਕਰਨਾ….. .' ਵਰਗੇ ਗੀਤਾਂ ਨਾਲ ਓਸੇ ਭੀੜ ਵਿਚ ਸ਼ਾਮਲ ਹੋ ਗਿਆ ਜਿਸ ਤੋਂ ਸਰੋਤਿਆਂ ਦੇ ਸੁਚੇਤ ਵਰਗ ਨੂੰ ਢੇਰਾਂ ਸ਼ਿਕਾਇਤਾਂ ਨੇ। ਕੁੜੀਆਂ ਬਾਰੇ ਘਟੀਆ ਟਿੱਪਣੀਆਂ ਕਰਨ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਦੀ ਘਾਟ ਨਹੀਂ ਸੀ ਕਿ ਖੁਦ ਗਾਇਕਾਵਾਂ ਵੀ ਇਸ ਕੰਮ ਵਿਚ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਇੱਕ ਗਾਇਕਾ ਹੁੱਬ ਕੇ ਮੁੰਡੇ ਨੂੰ ਸਲਾਹ ਦੇ ਰਹੀ ਹੈ ਕਿ ਜੇਕਰ ਕੁਆਰੀ ਕੁੜੀ ਪੱਟਣੀ ਹੈ ਤਾਂ ਮਹਿੰਗੀ ਗੱਡੀ (ਸਫਾਰੀ) ਰੱਖ, ਏਥੇ ਦਿਲਾਂ ਵਿਚਲੇ ਪਿਆਰ ਨੂੰ ਕੋਈ ਨਹੀਂ ਪੁੱਛਦਾ।' ਹੁਣ ਕੁੜੀਆਂ ਖੁਦ ਹੀ ਕੁੜੀਆਂ ਦੀ ਮਿੱਟੀ ਪਲੀਤ ਕਰਨ ਲੱਗ ਪਈਆਂ ਹਨ, ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਚਾਹੀਦਾ ਤਾਂ ਇਹ ਹੈ ਗਾਉਣ ਵਾਲੀਆਂ ਕੁੜੀਆਂ ਆਪਣੇ ਆਪ ਲਈ ਕੁੱਝ ਸਤਿਕਾਰਤ ਸਥਾਨ ਬਣਾਉਣ, ਲੋਕਾਂ ਦੀਆਂ ਨਜ਼ਰਾਂ ਵਿਚ ਉੱਚਾ ਉੱਠਣ ਲਈ ਚੰਗਾ ਗਾਉਣ, ਮਾੜਾ ਗਾਉਣ ਤੋਂ ਸਾਫ ਸਾਫ ਮਨਾ ਕਰਨ। ਜਿਹੜੇ ਗੀਤਕਾਰ, ਗਾਇਕ ਜਾਂ ਪੇਸ਼ਕਾਰ ਆਪਣੀ ਮੰਦੀ ਸੋਚ ਦਾ ਭਾਂਡਾ ਲੋਕਾਂ ਦੀ ਪਸੰਦ ਦੇ ਸਿਰ ਭੰਨਦੇ ਹਨ। ਉਹ ਸਰਾਸਰ ਝੂਠ ਬੋਲਦੇ ਹਨ। ਜੇਕਰ ਲੋਕ ਸਿਰਫ ਰਫਲਾਂ, ਪਿਸਤੌਲਾਂ, ਰਾਤ ਦੇ ਹਨੇਰੇ ਵਿਚ ਮੁੰਡੇ ਨੂੰ ਮਿਲਣ ਜਾਂਦੀ ਕੁੜੀ ਵਾਲੇ ਗੀਤ ਹੀ ਪਸੰਦ ਕਰਦੇ ਹੁੰਦੇ ਤਾਂ ਗੀਤੇ ਜ਼ੈਲਦਾਰ ਦਾ ਗੀਤ 'ਹਾਰਟ ਬੀਟ' ਏਨਾ ਹਿੱਟ ਨਾ ਹੁੰਦਾ ਕਿ ਵਿਆਹਾਂ ਦੇ ਸਮਾਗਮਾਂ ਵਿਚ ਇਹੋ ਗੀਤ 5-7 ਵਾਰ ਵੱਜਦਾ। ਕਮਲ ਹੀਰ ਦਾ 'ਫੇਸ ਬੁੱਕ' ਲੋਕਾਂ ਦੀ ਜ਼ੁਬਾਨ 'ਤੇ ਨਾ ਹੁੰਦਾ। ਜੇਕਰ ਫਿਲਮਾਂਕਣ ਦੀ ਗੱਲ ਕਰੀਏ ਤਾਂ ਓਥੇ ਹੋਰ ਵੀ ਮੰਦਾ ਹਾਲ ਹੈ। ਵੀਡੀਓ ਡਰਾਇਕਟਰ ਪਤਾ ਨਹੀਂ ਕਿਹੜੇ ਪੰਜਾਬ ਵਿਚ ਵਿਚਰਦੇ ਹਨ। ਆਪਣੀਆਂ ਵੀਡੀਓਜ਼ ਵਿਚ ਨੰਗੇਜ਼ ਦਿਖਾਉਣ ਲੱਗੇ ਉਹ ਗੀਤ ਦੇ ਬੋਲਾਂ ਦਾ ਵੀ ਖਿਆਲ ਨਹੀਂ ਰੱਖਦੇ। ਟੀ.ਵੀ ਚੈਨਲਾਂ 'ਤੇ ਇੱਕ ਦੋਗਾਣਾ ਚੱਲ ਰਿਹਾ ਹੈ। ਜਿਸ ਵਿਚ ਕੁੜੀ ਆਪਣੇ ਪ੍ਰੇਮੀ ਨੂੰ ਚੁੰਨੀ ਦਾ ਲੜ ਛੱਡਣ ਲਈ ਆਖ ਰਹੀ ਹੈ ਪਰ ਅਸ਼ਕੇ ਜਾਈਏ ਵੀਡੀਓ ਡਰਾਇਕਟਰ ਦੇ ਜਿਸ ਨੇ ਪੂਰੇ ਵੀਡੀਓ ਵਿਚ ਕਿਤੇ ਵੀ ਚੁੰਨੀ ਨਹੀਂ ਦਿਖਾਈ। ਪਿੱਛੇ ਜਿਹੇ ਜਦੋਂ ਪੰਜਾਬੀ ਵਿਚ ਸ਼ੁਭ ਸੰਕੇਤ ਬਣਕੇ ਉਭਰੇ ਡਾ: ਸਤਿੰਦਰ ਸਰਤਾਜ ਦੀ ਗਾਇਕੀ ਤੋਂ ਕੁੱਝ ਚੰਗੀਆਂ ਸੰਭਾਵਨਾਵਾਂ ਉਜਾਗਰ ਹੋਈਆਂ। ਪਰ ਉਹਦੇ ਦੁਆਲੇ ਵਿਵਾਦਾਂ ਦਾ ਜਾਲ ਬੁਣ ਦਿੱਤਾ ਗਿਆ। ਉਸ ਦੇ ਗੀਤ 'ਬਿੱਲੋ' ਤੇ 'ਯਾਹਮੇ' ਵਿਚੋਂ ਸਾਡੇ ਕੁੱਝ ਵੱਡੇ ਲੇਖਕਾਂ/ਆਲੋਚਕਾਂ ਨੂੰ ਲੱਚਰਤਾ ਦੀ ਬੋਅ ਆਈ। ਪਰ ਲੇਖਕ ਸਭਾਵਾਂ ਦੇ ਆਗੂ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਹੁਣ ਕਿੱਥੇ ਨੇ? ਉਹ ਕਿਉਂ ਪੰਜਾਬੀ ਗਾਇਕੀ ਨੂੰ ਦਾਗਦਾਰ ਕਰਨ ਵਾਲੇ ਗਾਇਕਾਂ, ਟੀ.ਵੀ ਚੈਨਲਾਂ ਵਿਰੁੱਧ ਮੂੰਹ ਨਹੀਂ ਖੋਲ•ਦੇ? ਅਸਲ ਮੁੱਦਾ ਇਹ ਹੈ ਕਿ ਏਸ ਅੱਤਵਾਦ ਦੇ ਖਤਰੇ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆਉਂਦੇ। ਸਰਕਾਰ ਦਾ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਕਿਥੇ ਸੁੱਤੈ। ਕਿਉਂ ਕੁੱਝ ਸਖ਼ਤੀ ਨਹੀਂ ਹੁੰਦੀ? ਕਿਉਂ ਗੀਤਾਂ ਲਈ ਕੋਈ ਸੈਂਸਰ ਬੋਰਡ ਵਰਗੀ ਸੰਸਥਾ ਨਹੀਂ ਬਣਦੀ?
-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ

1 comments:

Kamal Kang ਕਮਲ ਕੰਗ said...

Ha ha ha ,,, is there anybody who can control this shit?