ਅੱਜਕੱਲ੍ਹ ਗੀਤ ਸਿਰਫ ਸੁਣੇ ਨਹੀਂ ਜਾਂਦੇ, ਦੇਖੇ ਵੀ ਜਾਂਦੇ ਹਨ। ਗੀਤਾਂ ਦੇ ਫਿਲਮਾਂਕਣ ਦੇ ਦੌਰ ਅਨੇਕ ਫ਼ਨਕਾਰਾਂ ਨੂੰ ਆਪਣੇ ਫ਼ਨ ਦਾ ਮੁਜ਼ਾਹਿਰਾ ਕਰਨ ਦਾ ਮੌਕਾ ਦਿੱਤਾ। ਬਹੁਤ ਸਾਰੇ ਮੁੰਡੇ ਕੁੜੀਆਂ ਇਸ ਖੇਤਰ ਵਿਚ ਆਏ ਅਤੇ ਆ ਰਹੇ ਹਨ। ਜਿਹੜੇ ਪੈਸੇ ਦੇ ਜ਼ੋਰ 'ਤੇ ਜਾਂ ਸਿਰਫ ਸਰੀਰਕ ਸੁੰਦਰਤਾ ਦੇ ਸਹਾਰੇ ਇਸ ਖੇਤਰ ਵਿਚ ਕੁੱਦੇ ਸਨ, ਉਹ ਵੇਲੇ ਦੇ ਵਹਿਣ ਵਿਚ ਗੁਆਚ ਗਏ। ਜਿੰਨ੍ਹਾਂ ਕੋਲ ਸੱਚਮੁੱਚ ਅਦਾਕਾਰੀ ਵਰਗਾ ਕੁੱਝ ਸੀ, ਉਹ ਇਸ ਪਿੜ ਵਿਚ ਟਿਕੇ ਹੋਏ ਹਨ ਅਤੇ ਹਰ ਚੜ੍ਹਦੀ ਸਵੇਰ ਅੱਗੇ ਵਧ ਰਹੇ ਹਨ। ਜਲੰਧਰ ਨੇੜਲੇ ਪਿੰਡ ਨੂਰ ਮਹਿਲ ਦਾ ਜੰਮਪਲ ਨਵੀ ਭੰਗੂ ਇਨ੍ਹਾਂ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਸੁਲਝੇ ਹੋਏ ਮਾਡਲਾਂ ਵਿਚੋਂ ਇਕ ਹੈ। 28 ਅਗਸਤ 1985 ਨੂੰ ਵਿਜੇ ਭੰਗੂ ਤੇ ਜਸਵੀਰ ਕੌਰ ਦੇ ਪਰਵਾਰਕ ਬਗੀਚੇ ਵਿਚ ਖਿੜਿਆ ਇਹ ਫੁੱਲ ਪਿਛਲੇ ਕੁੱਝ ਸਾਲਾਂ ਤੋਂ ਆਪਣੀ ਮਹਿਕ ਚੌਫੇਰ ਖਿੰਡਾਅ ਰਿਹਾ ਹੈ। ਥਿਏਟਰ ਅਤੇ ਟੈਲੀਵਿਯਨ ਦੀ ਮਾਸਟਰ ਡਿਗਰੀ ਪ੍ਰਾਪਤ ਕਰ ਚੁੱਕੇ ਨਵੀ ਭੰਗੂ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ। ਸ਼ਰਾਰਤੀ ਅੱਖਾਂ ਵਾਲੇ ਇਸ ਸੁਨੱਖੇ ਮੁੰਡੇ ਦਾ ਇਹ ਸੁਪਨਾ ਓਦੋਂ ਹਕੀਕਤ ਵਿਚ ਬਦਲਿਆ ਜਦੋਂ ਉਹ ਡਾਇਰੈਕਟਰ ਪੂਨਮ ਦੇ ਸੰਪਰਕ ਵਿਚ ਆਇਆ ਅਤੇ ਉਸ ਨੇ ਨਵੀ ਨੂੰ ਰਾਏ ਜੁਝਾਰ ਦੇ ਗੀਤ 'ਦੁੱਖੜਾ' ਵਿਚ ਆਪਣੀ ਫ਼ਨੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ। ਗੀਤ ਬੇਹੱਦ ਹਿੱਟ ਹੋਇਆ ਅਤੇ ਉੁਹਦੇ ਬਾਅਦ ਨਵੀ ਭੰਗੂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨਿੱਤ ਨਵੀਂ ਸਵੇਰ ਉਹਦੇ ਲਈ ਕਾਮਯਾਬੀ ਦਾ ਸੁਨੇਹਾ ਲਿਆਉਂਦੀ ਰਹੀ। ਹੁਣ ਤੱਕ 250 ਤੋਂ ਜ਼ਿਆਦਾ ਗੀਤਾਂ ਦੇ ਵੀਡੀਓਜ਼ ਵਿਚ ਆਪਣੀ ਅਦਾਕਾਰੀ ਦਿਖਾ ਚੁੱਕਿਆ ਨਵੀ ਉਦਾਸ, ਚੁਲਬੁਲੇ, ਰੁਮਾਂਟਿਕ ਹਰ ਤਰ੍ਹਾਂ ਦੇ ਗੀਤਾਂ ਵਿਚ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਗੀਤਾਂ ਦੇ ਇਲਾਵਾ ਉਹ ਪੰਜਾਬੀ ਫਿਲਮ ਹਸ਼ਰ ਵਿਚ ਵੀ ਦਿਖਾਈ ਦਿੱਤਾ ਅਤੇ ਜਿੰਮੀ ਸ਼ੇਰਗਿੱਲ ਦੀ ਫਿਲਮ 'ਫਲੈਟ' ਵਿਚ ਵੀ ਨਜ਼ਰ ਆਵੇਗਾ। ਆਪਣੇ ਕੰਮ ਪ੍ਰਤੀ ਉਹ ਪੂਰੀ ਤਰ੍ਹਾਂ ਸਮਰਪਿਤ ਹੈ। ਵਿਹਲੇ ਸਮੇਂ 'ਚ ਪੁਰਾਣੇ ਅਤੇ ਸੂਫੀ ਗੀਤ ਸੁਣਨਾ ਉਸਨੂੰ ਚੰਗਾ ਲਗਦੈ। ਪੰਜਾਬੀ ਫਿਲਮਾਂ ਦੇ ਨਾਲ ਨਾਲ ਬਾਲੀਵੁੱਡ ਵਿਚ ਸਥਾਪਿਤ ਹੋਣਾ ਉਸਦਾ ਨਿਸ਼ਚੈ ਹੈ। ਉਹਦੀ ਮਿਹਨਤ ਤੇ ਲਗਨ ਯਕੀਨ ਦੁਆਉਂਦੀ ਹੈ ਕਿ ਉਹਦੀ ਇਹ ਹਸਰਤ ਜ਼ਰੂਰ ਪੂਰੀ ਹੋਵੇਗੀ।-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋ
ਮੋਬਾ: 94173 33316
0 comments:
Post a Comment